ਬੂਟਾ ਸਿੰਘ ਚੌਹਾਨ, ਸੰਗਰੂਰ : ਅੱਜ ਸਵੇਰੇ ਰੇਲਵੇ ਸਟੇਸ਼ਨ ਤੇ ਜਦੋਂ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੀ ਰੋਸ ਰੈਲੀ ਸ਼ੁਰੂ ਹੋਈ ਤਾਂ ਪਤਾ ਲੱਗਿਆ ਕਿ ਭਾਜਪਾ ਵੱਲੋਂ ਡਾ. ਅੰਬੇਦਕਰ ਨਗਰ ਵਿੱਚ ਡਾ. ਬੀਆਰ ਅੰਬੇਦਕਰ ਦੇ ਬੁੱਤ ਕੋਲ ਪ੍ਰਰੋਗਰਾਮ ਕੀਤਾ ਜਾ ਰਿਹਾ ਹੈ ਤਾਂ ਆਗੂਆਂ ਨੇ ਭਾਜਪਾ ਦੇ ਪ੍ਰਰੋਗਰਾਮ ਤੱਕ ਰੋਸ ਮਾਰਚ ਕਰਨ ਦਾ ਫ਼ੈਸਲਾ ਕੀਤਾ। ਜਦੋਂ ਵੱਡੀ ਗਿਣਤੀ ਕਿਸਾਨ, ਅੌਰਤਾਂ, ਨੌਜਵਾਨ ਰੋਸ ਮਾਰਚ ਕਰਦਿਆਂ ਡਾ.ਬੀਆਰ ਅੰਬੇਦਕਰ ਦੇ ਬੁੱਤ ਕੋਲ ਪਹੁੰਚੇ ਤਾਂ ਉਦੋਂ ਤੱਕ ਭਾਜਪਾ ਆਗੂ ਉਥੋਂ ਜਾ ਚੁੱਕੇ ਸੀ। ਕਿਸਾਨ ਆਗੂਆਂ ਨੇ ਬੁੱਤ 'ਤੇ ਮਾਲਾ ਪਾ ਕੇ ਸਤਿਕਾਰ ਭੇਟ ਕੀਤਾ।

ਉਸ ਤੋਂ ਬਾਅਦ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਕੁੱਲ ਹਿੰਦ ਕਿਸਾਨ ਫ਼ੈਡਰੇਸ਼ਨ ਦੇ ਸੂਬਾ ਆਗੂ ਕਿਰਨਜੀਤ ਸੇਖੋਂ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਆਗੂ ਨਰੰਜਣ ਸਿੰਘ ਦੋਹਲਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਨਿਰਮਲ ਸਿੰਘ ਬਟੜਿਆਣਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਭੀਮ ਸਿੰਘ ਆਲਮਪੁਰ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਨਛੱਤਰ ਸਿੰਘ ਗੰਢੂਆਂ ਨੇ ਕਿਹਾ ਕਿ ਭਾਜਪਾ ਪੂਰੀ ਤਰ੍ਹਾਂ ਬੌਖਲਾ ਚੁੱਕੀ ਹੈ। ਇਸ ਕਰਕੇ ਉਹ ਆਪਣੀ ਹੋਂਦ ਬਚਾਉਣ ਲਈ ਪੰਜਾਬ 'ਚ ਦਲਿਤ ਪੱਤਾ ਖੇਡ ਰਹੀ ਹੈ। ਭਾਜਪਾ ਨੇ ਸੰਵਿਧਾਨ ਨਾਲ ਖਿਲਵਾੜ ਕਰਦਿਆਂ ਖੇਤੀ ਵਿਰੋਧੀ ਕਾਨੂੰਨ ਬਣਾਏ ਹਨ। ਜਿਹੜਾ ਕਿ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਸੀ, ਭਾਜਪਾ ਦੇ ਰਾਜ ਵਾਲੇ ਯੂਪੀ ਵਰਗੇ ਸੂਬਿਆਂ ਵਿੱਚ ਦਲਿਤਾਂ ਤੇ ਲਗਾਤਾਰ ਜੁਰਮ ਹੋ ਰਹੇ ਹਨ। ਪਰ ਪੰਜਾਬ ਵਿਚ ਭਾਜਪਾ ਆਪਣੀ ਹੋਂਦ ਬਚਾਉਣ ਲਈ ਆਪਣੇ ਆਪ ਨੂੰ ਦਲਿਤ ਪੱਖੀ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੇ ਇਸ ਦੋਗਲੇ ਕਿਰਦਾਰ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਹਨ ਤੇ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ।

ਆਗੂਆਂ ਨੇ ਪ੍ਰਸ਼ਾਸਨ ਨੂੰ ਵੀ ਚਿਤਾਵਨੀ ਦਿੱਤੀ ਕਿ ਭਾਜਪਾ ਨੂੰ ਪ੍ਰਰੋਗਰਾਮ ਕਰਨ ਦੀ ਇਜਾਜ਼ਤ ਦੇ ਕੇ ਸੰਗਰੂਰ ਜ਼ਿਲ੍ਹੇ ਦਾ ਪੁਲੀਸ ਪ੍ਰਸ਼ਾਸਨ ਮਾਹੌਲ ਖਰਾਬ ਕਰਨ ਦਾ ਜ਼ਿੰਮੇਵਾਰ ਹੋਵੇਗਾ। ਅੱਜ ਸੰਘਰਸ਼ ਵਿਚ ਸ਼ਾਮਿਲ 30 ਕਿਸਾਨ ਜਥੇਬੰਦੀਆਂ ਨਾਅਰੇਬਾਜ਼ੀ ਕਰਦਿਆਂ ਵਿਸ਼ਾਲ ਰੋਸ ਮਾਰਚ ਕਰਦਿਆਂ ਤਿੰਨੇ ਖੇਤੀ ਬਿਲ ਰੱਦ ਕਰਨ ਦੀ ਮੰਗ ਕੀਤੀ। ਅੱਜ ਦੇ ਰੋਸ ਧਰਨੇ ਨੂੰ ਕਿਸਾਨ ਆਗੂ ਹਰਮੇਲ ਸਿੰਘ ਮਹਿਰੋਕ, ਗੁਰਮੀਤ ਸਿੰਘ ਭੱਟੀਵਾਲ , ਭਜਨ ਸਿੰਘ ਢੱਡਰੀਆਂ, ਬੀਰਬਲ ਸਿੰਘ ਲੇਹਲ ਕਲਾਂ, ਰਣ ਸਿੰਘ ਚੱਠਾ, ਜਰਨੈਲ ਸਿੰਘ ਜਨਾਲ, ਸੰਤ ਰਾਮ ਛਾਜਲੀ , ਹਰਜੀਤ ਸਿੰਘ ਮੰਗਵਾਲ ਨੇ ਵੀ ਸੰਬੋਧਨ ਕੀਤਾ ।

----------