ਪਰਿਵਾਰ ਦੇ ਬੇਹਤਰ ਭਵਿੱਖ ਅਤੇ ਆਰਥਿਕ ਮੁਸ਼ਕਿਲਾਂ ਹੱਲ ਕਰਨ ਅਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਖਾਤਰ ਵਿਦੇਸ਼ ਰੋਮਾਨੀਆ ਗਏ ਪਿੰਡ ਬਖਲੌਰ ਦੇ ਇਕ ਨੌਜਵਾਨ ਸਤੀਸ਼ ਵੱਲੋਂ ਸ਼ੱਕੀ ਹਾਲਾਤ ਵਿਚ ਰੋਮਾਨਿਆ ਵਿਖੇ ਇਕ ਕੰਪਨੀ ਦੇ ਕੈਂਪ ਕੁਆਰਟਰ ਵਿਖੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਨੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਡੇਗ ਦਿੱਤਾ ਹੈ।

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪਰਿਵਾਰ ਦੇ ਬੇਹਤਰ ਭਵਿੱਖ ਅਤੇ ਆਰਥਿਕ ਮੁਸ਼ਕਿਲਾਂ ਹੱਲ ਕਰਨ ਅਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਖਾਤਰ ਵਿਦੇਸ਼ ਰੋਮਾਨੀਆ ਗਏ ਪਿੰਡ ਬਖਲੌਰ ਦੇ ਇਕ ਨੌਜਵਾਨ ਸਤੀਸ਼ ਵੱਲੋਂ ਸ਼ੱਕੀ ਹਾਲਾਤ ਵਿਚ ਰੋਮਾਨਿਆ ਵਿਖੇ ਇਕ ਕੰਪਨੀ ਦੇ ਕੈਂਪ ਕੁਆਰਟਰ ਵਿਖੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਨੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਡੇਗ ਦਿੱਤਾ ਹੈ।
ਪਰਿਵਾਰਿਕ ਮੈਂਬਰਾਂ ਨੂੰ ਹਾਲੇ ਵੀ ਸਤੀਸ਼ ਦੇ ਫਾਹਾ ਲੈ ਕੇ ਮੌਤ ਦੇ ਘਾਟ ਉਤਰਨ ਦੀ ਦਿੱਤੀ ਜਾ ਰਹੀ ਜਾਣਕਾਰੀ ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਪਰਿਵਾਰਿਕ ਮੈਂਬਰਾਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਾ ਤੋਂ ਇਸ ਮਾਮਲੇ ਵਿਚ ਬਣਦੀ ਜਾਂਚ ਕਰਕੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਪੁਰਜੋਰ ਮੰਗ ਕੀਤੀ ਹੈ।
ਉਧਰ ਇਸ ਦੁੱਖ ਦੀ ਘੜੀ ਵਿਚ ਪਿਤਾ ਸਾਬਕਾ ਸਰਪੰਚ ਬਿਮਲ ਕਿਸ਼ੋਰ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਧਰ ਸਾਰਾ ਪਿੰਡ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਨਾਲ ਮੋਢੇ ਨਾਲ ਮੌਢਾ ਲਾ ਕੇ ਖੜਾ ਨਜ਼ਰ ਆ ਰਿਹਾ ਹੈ। ਪਿੰਡ ਬਖਲੌਰ ਦੇ ਸਾਬਕਾ ਸਰਪੰਚ ਬਿਮਲ ਕਿਸ਼ੋਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਤੀਸ਼ 9 ਅਪ੍ਰੈਲ 26 ਨੂੰ ਇਥੋਂ ਗਿਆ ਅਤੇ 11 ਅਪ੍ਰੈਲ 26 ਨੂੰ ਉਥੇ ਪੁੱਜਾ ਗਿਆ ਸੀ।
ਉਹ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਫੋਨ ਕਰਕੇ ਆਪਣੀ ਰਾਜੀ ਬਾਜੀ ਦੱਸਦਾ ਸੀ। ਬੀਤੇ ਦਿੰਨ ਉਸ ਨੇ ਰੇਂਜ ਟੁੱਟਦੀ ਦੱਸ ਕੇ ਦੋਬਾਰਾ ਫੋਨ ਕਰਨ ਦੀ ਗੱਲ ਆਖੀ ਸੀ। ਫਿਰ ਉਸ ਨੇ ਰਿਕਾਰਡਿੰਗਾਂ ਭੇਜ ਕੇ ਦੁਪਹਿਰੇ ਜਾਂ ਸ਼ਾਮ ਨੂੰ ਫੋਨ ਕਰਨ ਦੀ ਗੱਲ ਆਖੀ ਸੀ। ਜਦਕਿ ਚਾਰ ਪੰਜ ਘੰਟਿਆਂ ਬਾਅਦ ਉਨ੍ਹਾਂ ਨੂੰ ਅੰਬੈਸੀ ਤੋਂ ਫੋਨ ਆਇਆ ਸੀ ਕਿ ਸਤੀਸ਼ ਨੇ ਕੈਂਪ ਕੁਆਰਟਰ ਵਿਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਬਿਮਲ ਕੁਮਾਰ ਨੇ ਦੱਸਿਆ ਕਿ ਐਂਬਸੀ ਵੱਲੋਂ ਸਤੀਸ਼ ਦੀ ਲਾਸ਼ ਭਾਰਤ ਭੇਜਣ ਲਈ ਬਣਦਾ ਖਰਚਾ ਭੇਜਣ ਦੀ ਵੀ ਗੱਲ ਆਖੀ ਜਾ ਰਹੀ ਸੀ। ਬਿਮਲ ਕਿਸ਼ੋਰ ਨੇ ਇਸ ਮਾਮਲੇ ਵਿਚ ਭਾਰਤ ਸਰਕਾਰ ਅਤੇ ਵਿਦੇਸ਼ੀ ਸਰਕਾਰ ਤੋਂ ਮੰਗ ਕੀਤੀ ਕਿ ਸਤੀਸ਼ ਵੱਲੋਂ ਫਾਹਾ ਲੈਣ ਦੀ ਗੱਲ ਸੱਚ ਨਹੀਂ ਜਾਪ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਸਤੀਸ਼ ਬਹੁਤ ਹੀ ਹਿੰਮਤ ਵਾਲਾ ਨੌਜਵਾਨ ਸੀ, ਉਸ ਨੂੰ ਕਿਸੇ ਸਾਜਿਸ਼ ਦਾ ਸ਼ਿਕਾਰ ਹੋਇਆ ਜਾਪ ਰਿਹਾ ਹੈ। ਉਨ੍ਹਾਂ ਇਸ ਮਾਮਲੇ ਵਿਚ ਬਣਦਾ ਇਨਸਾਫ ਦਿਵਾਉਣ ਦੀ ਮੰਗ ਵੀ ਕੀਤੀ। ਉਧਰ ਮ੍ਰਿਤਕ ਸਤੀਸ਼ ਆਪਣੇ ਪਿੱਛੇ ਆਪਣੇ ਮਾਪੇ, ਪਤਨੀ ਅਤੇ ਬੱਚੇ ਨੂੰ ਰੌਂਦਾ ਕੁਰਲਾਉਂਦਾ ਛੱਡ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੋਮਾਨਿਆ 'ਚ ਸਤੀਸ਼ ਦੀ ਮੌਤ ਤੋਂ ਬਾਅਦ ਕੰਪਨੀ ਦੀਆਂ ਮਨਮਾਨਿਆਂ ਤੋਂ ਪਰੇਸ਼ਾਨ ਉਥੇ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਲੇਬਰ ਕੋਰਟ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੁਲਾਜ਼ਮਾਂ ਦੇ ਟੀਆਰਸੀ ਕਾਰਡ, ਫਿੰਗਰ ਅਤੇ ਹੋਰ ਦਸਤਾਵੇਜ ਤਿਆਰ ਕਰਨ ਵਿਚ ਕੀਤੀ ਜਾ ਰਹੀ ਦੇਰੀ ਦਾ ਮਸਲਾ ਵੀ ਚੁਕਿਆ ਗਿਆ ਹੈ। ਇਸੇ ਤਰ੍ਹਾਂ ਪੀੜਿਤ ਪਰਿਵਾਰ ਨੂੰ ਇਨਸਾਫ ਅਤੇ ਬਣਦਾ ਮੁਆਵਜ਼ਾ ਅਤੇ ਲਾਭ ਦੇਣ ਦੀ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਨੇ ਭਾਰਤ ਸਰਕਾਰ ਅਤੇ ਵਿਦੇਸ਼ੀ ਸਰਕਾਰ ਤੋਂ ਵਿਦੇਸ਼ਾਂ ਵਿਚ ਕੰਮ ਕਰਦੇ ਨੌਜਵਾਨਾਂ ਦੀ ਸੁਰਖਿਆ ਅਤੇ ਉਨ੍ਹਾਂ ਦੇ ਹੱਕ ਦਿਵਾਉਣ ਲਈ ਲਈ ਮਜ਼ਬੂਤ ਪ੍ਰਬੰਧ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਜੋ ਅਜਿਹੇ ਹਾਦਸਿਆਂ ਤੋਂ ਬਾਅਦ ਤੰਗੀ ਝੱਲ ਰਹੇ ਪਰਿਵਾਰ ਨੂੰ ਦੁੱਖਾਂ ਦਾ ਸਾਹਮਣਾ ਨਾ ਕਰਨਾ ਪਵੇ।