ਬੜਵਾ ਫੇਰੀ ਦੋਰਾਨ ਜਲ ਸਪਲਾਈ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਦਾ ਵਿਰੋਧ
ਬੜਵਾ ਫੇਰੀ ਦੋਰਾਨ ਜਲ ਸਪਲਾਈ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਦਾ ਵਿਰੋਧ
Publish Date: Tue, 09 Jun 2026 04:46 PM (IST)
Updated Date: Tue, 09 Jun 2026 04:47 PM (IST)

ਜੰਗ ਬਹਾਦਰ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਰੂਪਨਗਰ ਤੋਂ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਜੱਦੀ ਪਿੰਡ ਬੜਵਾ ਵਿਖੇ ਲੋਕ ਮਿਲਣੀ ਲਈ ਪਹੁੰਚੇ ਸਨ। ਜਿਸ ਦੀ ਜਾਣਕਾਰੀ ਜਲ ਸਪਲਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਪਿਲ ਮਹਿੰਦਲੀ ਅਤੇ ਮੱਖਣ ਕਾਲਸ ਨੂੰ ਇਕ ਦਿਨ ਪਹਿਲਾਂ ਲੱਗ ਚੁੱਕੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਯੂਨੀਅਨ ਦੇ ਫੈਸਲੇ ਅਨੁਸਾਰ ਘਿਰਾਓ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰ ਦਿਤੀ ਜਿਸ ਦੀ ਭਿਣਕ ਸਥਾਨਕ ਪ੍ਰਸ਼ਾਸਨ ਨੂੰ ਲੱਗਣ ’ਤੇ ਪ੍ਰਸ਼ਾਸਨ ਨੇ ਯੂਨੀਅਨ ਆਗੂਆਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦੇ ਕੇ ਬੜਵਾ ਪ੍ਰੋਗਰਾਮ ਵਾਲੀ ਥਾਂ ’ਤੇ ਸੱਦ ਲਿਆ। ਪ੍ਰੰਤੂ ਲਗਭਗ ਚਾਰ ਘੰਟੇ ਇਕੋ ਕਮਰੇ ਵਿਚ ਯੂਨੀਅਨ ਆਗੂਆਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਜਦੋਂ ਕਿ ਯੂਨੀਅਨ ਆਗੂਆਂ ਦੀ ਦਲੀਲ ਸੀ ਕਿ ਉਹ ਵੀ ਪੰਜਾਬ ਦੇ ਨਾਗਰਿਕ ਅਤੇ ਵੋਟਰ ਹਨ ਇਸ ਨਾਤੇ ਸਰਦਾਰ ਮਾਨ ਉਨ੍ਹਾਂ ਦੇ ਵੀ ਮੁੱਖ ਮੰਤਰੀ ਹਨ ਅਤੇ ਉਹ ਆਪਣਾ ਦੁਖ ਦਰਦ ਮੁੱਖ ਮੰਤਰੀ ਨੂੰ ਮਿਲ ਕੇ ਦੱਸਣਾ ਚਾਹੁੰਦੇ ਹਨ। ਆਖਿਰ ਪ੍ਰਸ਼ਾਸਨ ਨੇ ਧੋਖੇ ਦੀ ਦਾ ਪੱਤਾ ਖੇਡਦਿਆਂ ਜ਼ਿਲ੍ਹਾਂ ਪ੍ਰਧਾਨ ਕਪਿਲ ਮਹਿੰਦਲੀ, ਮੱਖਣ ਕਾਲਸ ਨੂੰ ਮੁੱਖ ਮੰਤਰੀ ਦੇ ਮੰਚ ਤੱਕ ਪਹੁੰਚਾ ਕੇ ਗੱਲਬਾਤ ਦਾ ਭਰੋਸਾ ਦਿਤਾ। ਪਰ ਮੁੱਖ ਮੰਤਰੀ ਸਾਹਿਬ ਆਪਣਾ ਪ੍ਰੋਗਰਾਮ ਖਤਮ ਕਰਕੇ ਸਿੱਧਾ ਆਪਣੀ ਸੱਤ ਤਾਰਾ ਗੱਡੀ ਵਿਚ ਬੈਠ ਕੇ ਨਿਕਲਦੇ ਬਣੇ ਹਾਲਾਂਕਿ ਕਪਿਲ ਮਹਿੰਦਲੀ ਨੇ ਮਾਣਯੋਗ ਮੁੱਖ ਮੰਤਰੀ ਜੀ ਨੂੰ ਆਵਾਜ਼ ਮਾਰ ਕੇ ਗੱਲ ਸੁਣਨ ਦੀ ਬੇਨਤੀ ਕੀਤੀ, ਪਰ ਉਨਾਂ ਨੇ ਗੱਲ ਸੁਣ ਕੇ ਅਣਸੁਣਿਆ ਕਰ ਦਿਤੀ। ਜਿਸ ਤੋਂ ਬਾਅਦ ਆਪਣੇ ਆਗੂਆਂ ਨਾਲ ਹੋਈ ਬੇਕਦਰੀ ਨੂੰ ਦੇਖਦਿਆਂ ਵਰਕਰਾਂ ਦਾ ਰੋਹ ਵੀ ਜ਼ਿਆਦਾ ਭੜਕ ਗਿਆ ਅਤੇ ਪਹਿਲਾਂ ਤੋਂ ਆਗੂਆਂ ਦੇ ਇਸ਼ਾਰੇ ਦਾ ਇੰਤਜ਼ਾਰ ਕਰ ਰਹੇ ਵਰਕਰਾਂ ਨੇ ਜਰਨਲ ਸਕੱਤਰ ਗੁਰਮੁਖ ਸਿੰਘ ਕਲੋਤਾ ਦੀ ਅਗਵਾਈ ਹੇਠ ਬੁੰਗਾ ਸਾਹਿਬ ਵਿਖੇ ਮੁੱਖ ਮੰਤਰੀ ਦੇ ਕਾਫਲੇ ਦਾ ਤਿਖਾ ਵਿਰੋਧ ਕੀਤਾ ਇਸ ਦੋਰਾਨ ਕੁਝ ਮਿੰਟਾਂ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ, ਪਰ ਲੋਕਾਂ ਨੇ ਯੂਨੀਅਨ ਦੀ ਗੱਲ ਸੁਣ ਕੇ ਯੂਨੀਅਨ ਦੇ ਹੱਕ ਵਿਚ ਹਾ ਦਾ ਨਾਹਰਾ ਮਾਰਿਆ ਅਤੇ ਘਿਰਾਓ ਪ੍ਰੋਗਰਾਮ ਨੂੰ ਬਿਲਕੁਲ ਜਾਇਜ਼ ਕਰਾਰ ਦਿਤਾ। ਯੂਨੀਅਨ ਦੀ ਮੰਗ ਸੀ ਕਿ, ਦੀ ਪੰਜਾਬ ਸਟੇਟ ਆਊਟਸੋਰਸਡ ਪਰਸਨਲ ਬਿਲ-2026 ਨੂੰ ਲਾਗੂ ਕਰਕੇ ਬਾਹਰ ਛੱਡੀ ਇੰਨਲਿਟਸਮੈਂਟ ਕੈਟਾਗਰੀ ਨੂੰ ਇਸ ਵਿਚ ਸ਼ਾਮਿਲ ਕੀਤਾ ਜਾਵੇ, ਇਸ ਐਕਟ ਨੂੰ ਸਮਾਂਬੱਧ ਤਰੀਕੇ ਲਾਗੂ ਕੀਤਾ ਜਾਵੇ, ਵਿਧਾਨ ਸਭਾ ਦਾ ਸਪੈਸ਼ਲ ਸੱਦ ਕੇ ਇਸ ਪ੍ਰਕਿਰਿਆ ਨੂੰ ਇਕ ਮਹੀਨੇ ਵਿਚ ਸੰਪੰਨ ਕੀਤਾ ਜਾਵੇ। ਵਰਕਰਾਂ ਨੂੰ ਸਾਰੀਆਂ ਸਹੂਲਤਾਂ ਸਮੇਤ ਪੱਕਾ ਰੋਜ਼ਗਾਰ ਦਿਤਾ ਜਾਵੇ, 10 ਸਾਲ ਦੀ ਸੇਵਾ ਸਰਤ ਵਾਲੇ ਕਾਮਿਆਂ ਨੂੰ ਸਿਧਾ ਰੈਗੂਲਰ ਕੀਤਾ ਜਾਵੇ। ਪ੍ਰੋਗਰਾਮ ਸੰਪੰਨ ਹੋਣ ਤੋਂ ਬਾਅਦ ਜ਼ਿਲ੍ਹਾਂ ਪ੍ਰਧਾਨ ਕਪਿਲ ਮਹਿੰਦਲੀ, ਮੱਖਣ ਕਾਲਸ, ਗੁਰਮੁੱਖ ਸਿੰਘ ਕਲੋਤਾ, ਸਤਨਾਮ ਸਿੰਘ ਸਰਸਾ ਨੰਗਲ, ਸੁਰਿੰਦਰ ਬਰੋਟਾ, ਵਰਿੰਦਰ ਭਰਤਗੜ੍ਹ, ਗੁਰਜੀਤ ਸਿੰਘ, ਰੇਸ਼ਮ ਗਿਲ, ਜੱਸੀ ਕੀਰਤਪੁਰ, ਨਵੀਨ ਕੋਟਲਾ, ਪਵਨ ਬਰੋਟਾ, ਇੰਦਰ ਹੋਲਗੜ ਆਦਿ ਆਗੂਆਂ ਨੇ ਕਿਹਾ ਕਿ ਬੇਸ਼ੱਕ ਪ੍ਰਸ਼ਾਸਨ ਨੇ ਇਸ ਬਾਰ ਯੂਨੀਅਨ ਨਾਲ ਧੋਖਾ ਕਰਕੇ ਮੁੱਖ ਮੰਤਰੀ ਨਾਲ ਤੈਅ ਹੋ ਚੁਕੀ ਮੀਟਿੰਗ ਨਹੀਂ ਕਰਵਾਈ ਪਰ ਆਉਂਦੇ ਦਿਨਾਂ ਵਿਚ ਵਿਧਾਨਸਭਾ ਚੋਣਾਂ ਨੇੜੇ ਹੋਣ ਕਾਰਨ ਇਹ ਪ੍ਰੋਗਰਾਮ ਨੂੰ ਬਦਲ ਕੇ ਹੋਰ ਵੀ ਤਿੱਖਾ ਰੂਪ ਦੇ ਦਿਤਾ ਜਾਵੇਗਾ ਅਤੇ ਮਾਣਨਯੋਗ ਮੁੱਖ ਮੰਤਰੀ ਜੀ ਸਮੇਤ ਉਨ੍ਹਾਂ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ, ਸਰਕਾਰ ਵਿਚ ਚੈਅਰਮੈਨਾ ਦਾ ਵੀ ਵਿਰੋਧ ਸ਼ੁਰੂ ਕੀਤਾ ਜਾ ਸਕਦਾ ਹੈ। ਜਿਸ ਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਵਲੋਂ ਪੈਦਾ ਕੀਤੀ ਗਈ ਮਜ਼ਬੂਰੀ ਕਾਰਨ ਮਾਣਯੋਗ ਮੁੱਖ ਮੰਤਰੀ ਜੀ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਰੂਪਨਗਰ ਦੀ ਹੋਵੇਗੀ। ਇਸ ਮੋਕੇ ਵੱਡੀ ਗਿਣਤੀ ਵਿਚ ਵਰਕਰ ਅਤੇ ਆਗੂ ਯੂਨੀਅਨ ਦੇ ਝੰਡਿਆਂ ਅਤੇ ਕਾਲ਼ੀਆਂ ਝੰਡੀਆਂ ਸਮੇਤ ਹਾਜ਼ਰ ਸਨ।