ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਪਿਛਲੇ ਕਈ ਦਿਨਾਂ ਤੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੀ ਪਾਣੀ ਦੀ ਭਾਰੀ ਕਿੱਲਤ ਕਾਰਨ ਸ਼ਹਿਰ ਵਾਸੀ ਰੋਹ ਵਿਚ ਹਨ ਤੇ ਵਾਟਰ ਸਪਲਾਈ ਮਹਿਕਮੇ ਖ਼ਿਲਾਫ਼ ਸੰਘਰਸ਼ ਵਿੱਢਣ ਦੇ ਰੋਅ 'ਚ ਹਨ। ਆਗੂਆਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਪਾਣੀ ਦੀ ਸਪਲਾਈ ਸੁਧਾਰੀ ਜਾਵੇ।

ਪ੍ਰਬੰਧ ਨਾ ਸੁਧਾਰਿਆ ਤਾਂ ਕਰਾਂਗੇ ਸੰਘਰਸ਼ : ਚੱਠਾ

ਇਲਾਕੇ ਦੇ ਉੱਘੇ ਸਮਾਜ ਸੇਵਕ ਤਰਲੋਚਨ ਸਿੰਘ ਚੱਠਾ ਨੇ ਵਾਟਰ ਸਪਲਾਈ ਮਹਿਕਮੇ ਦੇ ਵਤੀਰੇ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਇਸ ਗੁਰੂ ਨਗਰੀ ਵਿਚ ਪਾਣੀ ਦੀ ਕਿੱਲਤ ਲਈ ਸਿੱਧੇ ਤੌਰ 'ਤੇ ਅਧਿਕਾਰੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਤੇ ਰੋਜ਼ ਮਰਾ ਦੇ ਕੰਮ ਅਧੂਰੇ ਪਏ ਹੋਏ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਹਿਕਮੇ ਨੇ ਆਪਣੀ ਕਾਰਜ ਪ੍ਰਣਾਲੀ ਵਿਚ ਸੁਧਾਰ ਨਾ ਲਿਆਉਂਦਾ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

ਭਾਰੀ ਬਿੱਲ ਅਦਾ ਕਰਨ ਦੇ ਬਾਵਜੂਦ ਨਹੀਂ ਮਿਲਦਾ ਪਾਣੀ : ਅਖਿਲ ਕੌਸ਼ਲ

ਸਮਾਜ ਸੇਵਾ ਕਲੱਬ ਦੇ ਪ੍ਰਧਾਨ ਅਖਿਲ ਕੌਸ਼ਲ ਨੇ ਕਿਹਾ ਕਿ ਇਸ ਤੋਂ ਵੱਧ ਅਫਸੋਸ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ, ਕਿ ਪਾਣੀ ਦੇ ਭਾਰੀ ਬਿੱਲ ਅਦਾ ਕਰਨ ਦੇ ਬਾਵਜੂਦ ਵੀ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਪਾਣੀ ਦੀ ਸਹੀ ਸਪਲਾਈ ਕਰਨੀ ਮਹਿਕਮੇ ਦੀ ਜ਼ਿੰਮੇਵਾਰੀ ਹੈ ਜਦੋਂ ਕਿ ਜੇਕਰ ਕਿਸੇ ਕੰਮ ਕਾਰਨ ਕੋਈ ਨੁਕਸਾਨ ਹੋਵੇ ਤਾਂ ਨੁਕਸਾਨ ਕਰਨ ਵਾਲੇ ਤੋਂ ਭਰਪਾਈ ਵੀ ਕੀਤੀ ਜਾਵੇ ਪਰ ਆਮ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ।

ਸਾਡਾ ਤਾਂ ਫੋਨ ਵੀ ਚੁੱਕਦੀ ਜੇਈ : ਕੌਂਸਲਰ

ਸ਼ਹਿਰ ਦੀ ਕੌਂਸਲਰ ਸੁਨੀਤਾ ਦੇਵੀ ਨੇ ਕਿਹਾ ਕਿ ਜਦੋਂ ਸ਼ਹਿਰ ਵਾਸੀਆਂ ਤੇ ਖਾਸ ਕਰਕੇ ਸਾਡੇ ਵਾਰਡ ਦੇ ਵਾਸੀਆਂ ਨੂੰ ਕੋਈ ਪ੍ਰਰੇਸ਼ਾਨੀ ਆਉਂਦੀ ਹੈ ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਲੋਕਾਂ ਦੇ ਹੱਕ 'ਚ ਅਵਾਜ਼ ਉਠਾਈਏ ਪਰ ਅਫਸੋਸ ਕਿ ਵਾਟਰ ਸਪਲਾਈ ਮਹਿਕਮੇ ਦੀ ਜੇਈ ਸਾਡਾ ਫੋਨ ਵੀ ਚੁੱਕਣਾ ਗਨੀਮਤ ਨਹੀਂ ਸਮਝਦੀ। ਉਨ੍ਹਾਂ ਕਿਹਾ ਜਦੋਂ ਪਾਣੀ ਦੀ ਕਿੱਲਤ ਬਾਰੇ ਜੇਈ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਈ ਕਈ ਵਾਰ ਫੋਨ ਕਰਨ ਤੋਂ ਬਾਅਦ ਉਹ ਤਸੱਲੀਬਖਸ਼ ਜਵਾਬ ਨਹੀਂ ਦਿੰਦੇ, ਜਿਸ ਕਰਕੇ ਸ਼ਹਿਰ ਵਾਸੀ ਪ੍ਰਰੇਸ਼ਾਨ ਹਨ। ਉਨ੍ਹਾਂ ਕਿਹਾ ਮਹਿਕਮੇ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਿਚ ਸਹਿਯੋਗ ਦੇਣਾ ਚਾਹੀਦਾ ਹੈ ਨਾ ਕਿ ਕੌਂਸਲਰਾਂ ਦੀ ਨੁਕਤਾਚਿਨੀ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਚਾਹੀਦਾ ਹੈ।

ਸ਼ਹਿਰ ਵਾਸੀਆਂ ਨੂੰ ਜਲਦ ਹੀ ਮਿਲੇਗੀ ਮੁਸ਼ਕਿਲ ਤੋਂ ਨਿਜ਼ਾਤ : ਅੱੈਸਡੀਓ

ਵਾਟਰ ਸਪਲਾਈ ਮਹਿਕਮੇ ਦੇ ਐੱਸਡੀਓ ਅਵੀ ਟੁਟੇਜਾ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਵਿਕਾਸ ਦੇ ਕੰਮ ਚੱਲ ਰਹੇ ਹਨ, ਜਿਸ ਕਰਕੇ ਕਈ ਵਾਰ ਪਾਣੀ ਦੀ ਸਪਲਾਈ ਬੰਦ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕੇਵਲ ਦੋ ਦਿਨਾਂ ਦੇ ਅੰਦਰ ਚੱਲ ਰਹੇ ਕੰਮ ਪੂਰੇ ਹੋ ਜਾਣਗੇ ਤੇ ਫਿਰ ਸ਼ਹਿਰ ਵਾਸੀਆਂ ਨੂੰ ਲਗਾਤਾਰ ਪਾਣੀ ਦੀ ਸਪਲਾਈ ਮਿਲਦੀ ਰਹੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਮਹਿਕਮੇ ਨੂੰ ਸਹਿਯੋਗ ਦਿਓ ਤਾਂ ਜੋ ਵਿਕਾਸ ਦੇ ਕਾਰਜ ਵੀ ਪੂਰੇ ਹੋ ਜਾਣ ਤੇ ਪਾਣੀ ਦੀ ਸਪਲਾਈ ਵੀ ਲਗਾਤਾਰ ਹੁੰਦੀ ਰਹੇ।