ਗੁਰਦੀਪ ਭੱਲੜੀ/ਅਭੀ ਰਾਣਾ, ਨੰਗਲ : ਏਅਰਪੋਰਟ ਦਿੱਲੀ ਲਈ ਸਰਕਾਰੀ ਵੋਲਵੋ ਬੱਸ ਸਰਵਿਸ ਨਾਲ ਨਿੱਜੀ ਕੰਪਨੀਆਂ ਦਾ ਏਕਾਧਿਕਾਰ ਖ਼ਤਮ ਹੋਇਆ ਹੈ ਜਦਕਿ ਪਹਿਲਾਂ ਇਹ ਕੰਪਨੀਆਂ ਆਪਣੀ ਮਨਮਰਜ਼ੀ ਨਾਲ 3000 ਰੁਪਏ ਤੋਂ 3500 ਰੁਪਏ ਤਕ ਕਿਰਾਇਆ ਵਸੂਲ ਕਰਦੀਆਂ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨੰਗਲ ਤੋਂ ਨਵੀਂ ਵੋਲਵੋ ਬੱਸ ਨੂੰ ਹਰੀ ਝੰਡੀ ਦਿੰਦਿਆਂ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਮੌਜੂਦ ਸਨ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੂਨ 2022 ਨੂੰ ਜਲੰਧਰ ਤੋਂ ਵਿਦੇਸ਼ੀ ਸਫ਼ਰ ਕਰਨ ਵਾਲੇ ਪੰਜਾਬੀਆਂ ਲਈ ਵੋਲਵੋ ਬੱਸ ਸਰਵਿਸ ਸ਼ੁਰੂ ਕੀਤੀ ਗਈ ਸੀ ਜਦਕਿ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਮਹਿਜ਼ ਕੁਝ ਸਮੇਂ ਦੌਰਾਨ ਹੀ ਲਗਪਗ 80,000 ਯਾਤਰੀਆਂ ਨੇ ਇਸ ਸੇਵਾ ਦਾ ਲਾਭ ਲਿਆ। ਯਾਤਰੀਆਂ ਦੇ ਅੰਕੜੇ ਇਸ ਸੇਵਾ ਦੀ ਸਫਲਤਾ ਨੂੰ ਸਾਬਤ ਕਰਦੀ ਹੈ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਸ ਸੇਵਾ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਆਮ ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਨੰਗਲ ਸ਼ਹਿਰ ਤੋਂ ਆਈਜੀਆਈ ਏਅਰਪੋਰਟ ਦਿੱਲੀ (ਟਰਮੀਨਲ-3) ਲਈ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਇਲਾਕਾ ਵਾਸੀਆਂ ਨੂੰ ਵੱਡੇ ਪੱਧਰ ਉੱਤੇ ਲਾਭ ਮਿਲੇਗਾ ਜਿਸ ਨਾਲ ਉਹ ਰੋਜ਼ਾਨਾ ਦੁਪਹਿਰ 1:30 ਵਜੇ ਤੋਂ ਸਿਰਫ਼ 1130 ਰੁਪਏ ਦੇ ਕਿਰਾਏ ਨਾਲ ਇਹ ਸਫ਼ਰ ਤੈਅ ਕਰ ਸਕਣਗੇ। ਇਹ ਬੱਸ ਰਾਤ 11:40 ਤੋਂ ਏਅਰਪੋਰਟ ਦੇ ਪਬਲਿਕ ਟਰਾਂਸਪੋਰਟ ਸੈਂਟਰ ਤੋਂ ਅਤੇ ਆਈਐੱਸਬੀਟੀ ਦਿੱਲੀ ਤੋਂ ਰਾਤ 12:50 ਵਜੇ ਚੱਲੇਗੀ।

ਭੁੱਲਰ ਨੇ ਦੱਸਿਆ ਕਿ ਘੱਟ ਕਿਰਾਏ ਵਾਲੀ ਸਰਕਾਰੀ ਵੋਲਵੋ ਬੱਸ ਸਰਵਿਸ ਦੇ ਵੱਡੀ ਗਿਣਤੀ ਵਿਚ ਚੱਲਣ ਕਾਰਨ ਹੁਣ ਨਿੱਜੀ ਬੱਸਾਂ ਨੇ ਵੀ ਆਪਣੇ ਕਿਰਾਏ ਵਿਚ ਕਾਫੀ ਕਟੌਤੀ ਕਰ ਦਿੱਤੀ ਹੈ ਪਰ ਇਸ ਦੇ ਬਾਵਜੂਦ ਆਮ ਲੋਕ ਸਰਕਾਰੀ ਸੇਵਾ ਨੂੰ ਤਵੱਜੋ ਦੇ ਰਹੇ ਹਨ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਨੰਗਲ ਬੱਸ ਸਟੈਂਡ ਵਿਖੇ ਜਲਦ ਸ਼ੌਪਿੰਗ ਕੰਪਲੈਕਸ ਬਣਾਇਆ ਜਾਵੇਗਾ ਜਿਸ ਲਈ ਉਨ੍ਹਾਂ ਵੱਲੋਂ ਬੱਸ ਸਟੈਂਡ ਦਾ ਨਿਰੀਖਣ ਵੀ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਨੰਗਲ ਸ਼ਹਿਰ ਨੂੰ ਦਿੱਤੇ ਇਸ ਤੋਹਫ਼ੇ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਬਹੁਤੇ ਲੋਕ ਅਰਬ ਦੇਸ਼ਾਂ ਵਿਚ ਹੋਣ ਕਾਰਨ ਉਨ੍ਹਾਂ ਨੂੰ ਮਹਿੰਗੀਆਂ ਗੱਡੀਆਂ ਕਿਰਾਏ ’ਤੇ ਕਰ ਕੇ ਏਅਰਪੋਰਟ ਜਾਣਾ ਪੈਂਦਾ ਹੈ। ਇਸ ਬੱਸ ਸੇਵਾ ਇਲਾਕੇ ਦੇ ਲੋਕਾਂ ਲਈ ਕਾਫ਼ੀ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ 6 ਮਹੀਨੇ ਦੇ ਸਮੇਂ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੇ ਸਾਰੇ ਸਕੂਲ ਅਪਗੇ੍ਰਡ ਕੀਤੇ ਜਾਣਗੇ। ਨੰਗਲ ਵਿਖੇ ਸਕੂਲ ਆਫ ਐਮੀਨੈਂਸ ਦਾ ਨਾਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ਉੱਤੇ ਰੱਖਿਆ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਕੀਰਤਪੁਰ ਸਾਹਿਬ ਵਿਖੇ ਸਕੂਲ ਦਾ ਨਾਂ ਗੁਰੂ ਹਰਕ੍ਰਿਸ਼ਨ ਜੀ ਦੇ ਨਾਂ ਉੱਤੇ ਰੱਖਿਆ ਜਾਵੇਗਾ।

ਇਸ ਮੌਕੇ ਡੀਸੀ ਡਾ. ਪ੍ਰੀਤੀ ਯਾਦਵ, ਡਾਇਰੈਕਟਰ ਟਰਾਂਸਪੋਰਟ ਅਮਨਦੀਪ ਕੌਰ, ਐੱਸਐੱਸਪੀ ਵਿਵੇਕਸ਼ੀਲ ਸੋਨੀ, ਐੱਸਡੀਐੱਮ ਮਨੀਸ਼ਾ ਰਾਣਾ, ਡੀਐੱਸਪੀ ਸਤੀਸ਼ ਕੁਮਾਰ, ਈਓ ਭੁਪਿੰਦਰ ਸਿੰਘ, ਡਿਪਟੀ ਡਾਇਰੈਕਟਰ ਪ੍ਰਨੀਤ ਮਿਨਹਾਸ, ਜਨਰਲ ਮੈਨੇਜਰ ਟਰਾਂਸਪੋਰਟ ਗੁਰਸੇਵਕ ਸਿੰਘ ਰਾਜਪਾਲ, ਜਨਰਲ ਮੈਨੇਜਰ ਰੂਪਨਗਰ ਪਰਮਵੀਰ ਸਿੰਘ, ਡਾ. ਸੰਜੀਵ ਗੌਤਮ, ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ ਭਨੂਪਲੀ, ਬਚਿੱਤਰ ਸਿੰਘ, ਦਲਜੀਤ ਸਿੰਘ ਕਾਕਾ ਨਾਨਗਰਾ, ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਮਾਤਾ ਬਲਵਿੰਦਰ ਕੌਰ ਬੈਂਸ, ਰੋਹਿਤ ਕਾਲੀਆ, ਓਂਕਾਰ ਸਿੰਘ, ਪੱਮੂ ਢਿੱਲੋ, ਕੈਪਟਨ ਗੁਰਨਾਮ ਸਿੰਘ, ਗੁਰਜਿੰਦਰ ਸਿੰਘ ਸ਼ੌਕਰ, ਸੁਖਦਰਸ਼ਨ ਸਿੰਘ, ਦੀਪਕ ਸ਼ਰਮਾ, ਦੀਪੂ ਬਾਸ, ਕਮਲੇਸ਼੍ਰ ਨੱਡਾ, ਮੁਕੇਸ਼ ਵਰਮਾ, ਜਸਵਿੰਦਰ ਭੰਗਲਾ, ਮੁਕੇਸ਼ ਵਰਮਾ, ਗੁਰਮੀਤ ਸਿੰਘ, ਪ੍ਰਵੀਨ ਅੰਸਾਰੀ, ਕੇਸਰ ਸਿੰਘ, ਮਨੂੰ ਕੁਮਾਰ, ਸੁੱਚਾ ਸਿੰਘ ਅਜੋਲੀ, ਬੱਬੂ ਖਾਨ, ਜੱਗਾ ਸਿੰਘ ਕਲੇਰ ਬਹਿਲੂ, ਰਾਜ ਦੜੋਲੀ, ਰਮਜਾਨ ਖਾਨ, ਸ਼ੇਰ ਸਿੰਘ ਸ਼ੇਰੂ, ਊਸ਼ਾ ਰਾਣੀ ਪ੍ਰਧਾਨ ਮਹਿਲਾ ਵਿੰਗ, ਸੁਨੀਤਾ ਦੇਵੀ ਆਦਿ ਹਾਜ਼ਰ ਸਨ।

Posted By: Jagjit Singh