ਲਖਵੀਰ ਖਾਬੜਾ, ਰੂਪਨਗਰ : ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਢਾਂਡਾ ਵੱਲੋਂ ਵਿਸ਼ਵ ਮਲੇਰੀਆ ਦਿਵਸ ਸਬੰਧੀ ਜਾਗਰੂਕਤਾ ਪੋਸਟਰ ਰਿਲੀਜ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਸਾਨੂੰ ਮਲੇਰੀਆ ਪ੍ਰਤੀ ਵੀ ਚੌਕਸ ਰਹਿਣਾ ਚਾਹੀਦਾ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਵਾਰ ਦੇ ਥੀਮ ਜੀਰੋ ਮਲੇਰੀਏ ਦੇ ਟੀਚੇ ਵੱਲ ਵੱਧਦੇ ਕਦਮਾਂ ਅਨੁਸਾਰ ਇਸ ਬਿਮਾਰੀ ਨੂੰ ਪੂਰਨ ਤੌਰ 'ਤੇ ਖਤਮ ਕਰਨ ਲਈ ਲੋਕਾਂ ਨੂੰ ਹੋਰ ਵੀ ਜ਼ਿਆਦਾ ਜਾਗਰੂਕ ਹੋਣ ਦੀ ਲੋੜ ਹੈ, ਵਿਸ਼ਵ ਸਿਹਤ ਸੰਗਠਨ ਵੱਲੋਂ 2016 ਤੋਂ 2021 ਤਕ ਮਲੇਰੀਏ ਦੇ ਖਾਤਮੇ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸਾਨੂੰ ਸਭ ਨੂੰ ਮਲੇਰੀਏ 'ਤੇ ਕਾਬੂ ਪਾਉਣ ਹਿੱਤ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਸੁਮਿਤ ਸ਼ਰਮਾ ਨੇ ਮਲੇਰੀਆ ਬੁਖਾਰ ਦੇ ਲੱਛਣ, ਬਚਾਅ ਤੇ ਇਲਾਜ ਬਾਰੇ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨਫਲੀਜ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਹ ਮੱਛਰ ਸਾਫ ਤੇ ਖੜ੍ਹੇ ਪਾਣੀ 'ਚ ਪੈਦਾ ਹੁੰਦਾ ਹੈ ਤੇ ਰਾਤ ਤੇ ਸਵੇਰੇ ਵੇਲੇ ਨੂੰ ਕੱਟਦਾ ਹੈ। ਠੰਡ ਤੇ ਕਾਂਬੇ ਨਾਲ ਬੁਖਾਰ ਚੜ੍ਹਨਾ, ਤੇਜ਼ ਬੁਖਾਰ ਅਤੇ ਸਿਰਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਆਦਿ ਮਲੇਰੀਆ ਬੁਖਾਰ ਦੇ ਲੱਛਣ ਹੋ ਸਕਦੇ ਹਨ, ਇਸ ਬਿਮਾਰੀ ਤੋਂ ਬਚਣ ਲਈ ਸਾਨੂੰ ਸਾਫ-ਸਫਾਈ ਰੱਖਣੀ ਚਾਹੀਦੀ ਹੈ, ਕਿਤੇ ਵੀ ਪਾਣੀ ਨਹੀਂ ਖੜਾ ਹੋਣ ਦੇਣਾ ਚਾਹੀਦਾ, ਸੌਣ ਵੇਲੇ ਮੱਛਰਦਾਨੀ ਤੇ ਮੱਛਰ ਭਜਾਉਣ ਵਾਲੀ ਕਰੀਮਾਂ ਤੇ ਮਸ਼ੀਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਤੇ ਛੱਪੜਾਂ ਵਿੱਚ ਖੜ੍ਹੇ ਪਾਣੀ ਤੇ ਕਾਲੇ ਤੇਲ ਦਾ ਿਛੜਕਾਅ ਕਰਨਾ ਚਾਹੀਦਾ ਹੈ।ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਮਲੇਰੀਆ ਬੁਖਾਰ ਦੇ ਲੱਛਣ ਮਹਿਸੂਸ ਹੰੁਦੇ ਹਨ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਮਲੇਰੀਆ ਦਾ ਟੈਸਟ ਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇਅ ਦੇ ਤੌਰ 'ਤੇ ਮਨਾਉਣਾ ਚਾਹੀਦਾ ਹੈ ਤੇ ਘਰਾਂ ਦੇੇ ਕੂਲਰ, ਗਮਲੇ ਅਤੇ ਫਰਿੱਜਾਂ ਦੀਆਂ ਟਰੇਆਂ ਨੂੰ ਖਾਲੀ ਕਰਕੇ ਸੁਕਾਉਣਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾ. ਆਰ.ਪੀ.ਸਿੰਘ, ਜਿਲ੍ਹਾ ਐਪੀਡੀਮਾਲੋਜਿਸਟ ਡਾ. ਸੁਮੀਤ ਸ਼ਰਮਾ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ, ਐਸ.ਆਈਜ ਰਣਜੀਤ ਸਿੰਘ, ਲਖਵੀਰ ਸਿੰਘ, ਅਤੇ ਮਲਟੀਪਰਪਜ ਹੈਲਥ ਵਰਕਰ ਮੌਜੂਦ ਸਨ।