ਜੇਐੱਨਐੱਨ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) : ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਸੈਲਾਨੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖ਼ਾਲਸਾ ਨੂੰ ਖੋਲ੍ਹਣ ਦਾ ਫ਼ੈਸਲਾ ਕਰ ਲਿਆ ਗਿਆ ਹੈ। ਕੋਵਿਡ-19 ਦੇ ਮੱਦੇਨਜ਼ਰ ਵਿਰਾਸਤ-ਏ-ਖ਼ਾਲਸਾ ਬੰਦ ਕੀਤਾ ਗਿਆ ਸੀ। 11 ਨਵੰਬਰ ਨੂੰ ਇਸ ਨੂੰ ਖੋਲ੍ਹ ਦਿੱਤਾ ਜਾਵੇਗਾ। ਸ਼ਰਤ ਇਹ ਰਹੇਗੀ ਕਿ ਕੋਵਿਡ-19 ਤੋਂ ਬਚਾਅ ਲਈ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ, ਤਾਂ ਹੀ ਸੈਲਾਨੀ ਵਿਰਾਸਤ-ਏ-ਖ਼ਾਲਸਾ ਦੇ ਦੀਦਾਰ ਕਰ ਸਕਣਗੇ।

ਥਰਮਲ ਸਕੈਨਿੰਗ ਤੋਂ ਇਲਾਵਾ ਮਾਸਕ ਪਾਉਣਾ, ਸਮਾਜਿਕ ਦੂਰੀ ਦੀ ਪਾਲਣਾ ਤੇ ਸੈਨੇਟਾਈਜ਼ਰ ਦਾ ਇਸਤੇਮਾਲ ਜ਼ਰੂਰੀ ਹੋਵੇਗਾ। ਵਿਰਾਸਤ-ਏ-ਖ਼ਾਲਸਾ ਖੋਲ੍ਹਣ ਦੇ ਮੱਦੇਨਜ਼ਰ ਪ੍ਰਬੰਧਕਾਂ ਵੱਲੋਂ ਪੂਰੇ ਕੰਪਲੈਕਸ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਵਿਰਾਸਤ-ਏ-ਖ਼ਾਲਸਾ ਦਾ ਡਿਜ਼ਾਈਨ ਵਿਸ਼ਵ ਪ੍ਰਸਿੱਧ ਆਰਕੀਟੈਕਟ ਮੋਸੇ ਸੈਫਦੀ ਨੇ ਤਿਆਰ ਕੀਤਾ ਸੀ। ਇਸ ਨੂੰ ਸਾਲ 2011 ਦੇ ਨਵੰਬਰ ਮਹੀਨੇ ਲੋਕ ਅਰਪਣ ਕੀਤਾ ਗਿਆ ਸੀ।

ਵਿਰਾਸਤ-ਏ-ਖ਼ਾਲਸਾ ਦੇ ਦੂਸਰੇ ਫੇਜ਼ ਦਾ ਉਦਘਾਟਨ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ ਨੇ 25 ਨਵੰਬਰ 2016 ਨੂੰ ਕੀਤਾ ਸੀ। ਦੂਸਰੇ ਫੇਜ਼ 'ਤੇ 77 ਕਰੋਡ਼ ਰੁਪਏ ਦੀ ਲਾਗਤ ਆਈ ਸੀ। ਵਿਰਾਸਤ-ਏ-ਖ਼ਾਲਸਾ ਆਪਣੀ ਕਿਸਮ ਦਾ ਮਿਊਜ਼ੀਅਮ ਹੈ ਜਿਸ ਨੂੰ 8ਵੇਂ ਅਜੂਬੇ ਦਾ ਨਾਂ ਵੀ ਦਿੱਤਾ ਗਿਆ। ਪਿਛਲੇ 8 ਸਾਲਾਂ 'ਚ ਵਿਰਾਸਤ-ਏ-ਖ਼ਾਲਸਾ ਦੇ 1 ਕਰੋਡ਼ ਤੋਂ ਜ਼ਿਆਦਾ ਲੋਕ ਦੀਦਾਰ ਕਰ ਚੁੱਕੇ ਹਨ।

ਸਾਲ 2019 'ਚ ਵਿਰਾਸਤ-ਏ-ਖ਼ਾਲਸਾ ਵਿਸ਼ਵ ਭਰ 'ਚ ਤੇਜ਼ੀ ਨਾਲ ਦੇਖੇ ਜਾਣ ਵਾਲੇ ਮਿਊਜ਼ੀਅਮ ਦੀ ਕਤਾਰ 'ਚ ਆਪਣਾ ਨਾਂ ਦਰਜ ਕਰਵਾਉਣ 'ਚ ਸਫ਼ਲ ਰਿਹਾ ਸੀ। ਇਸ ਕਾਰਨ ਫਰਵਰੀ 2019 'ਚ ਲਿਮਕਾ ਬੁੱਕ ਆਫ ਰਿਕਾਰਡ 'ਚ ਇਸ ਦਾ ਨਾਂ ਦਰਜ ਹੋਇਆ ਸੀ। ਸਾਲ 2019 'ਚ ਹੀ ਇਸ ਨੂੰ ਇੰਡੀਆ ਬੁੱਕ ਆਫ ਰਿਕਾਰਡ 'ਚ ਵੀ ਸ਼ਾਮਲ ਕੀਤਾ ਗਿਆ।

ਇਸ ਤੋਂ ਇਲਾਵਾ ਏਸ਼ੀਆ ਬੁੱਕ ਆਫ ਰਿਕਾਰਡ 'ਚ ਵੀ ਵਿਰਾਸਤ-ਏ-ਖਾਲਸਾ ਦਾ ਨਾਂ ਦਰਜ ਹੋਇਆ। ਵਿਰਾਸਤ-ਏ-ਖ਼ਾਲਸਾ ਦੇ ਦੂਸਰੇ ਗੇਡ਼ 'ਚ 13 ਗੈਲਰੀਆਂ ਹਨ। ਇਸ ਵਿਚ ਹਸਤਕਲਾ, ਅਤਿ ਆਧੁਨਿਕ ਤਕਨੀਕ ਤੋਂ ਇਲਾਵਾ 3D ਤਕਨੀਕ ਸਮੇਤ ਆਹਲਾ ਦਰਜੇ ਦਾ ਆਡੀਆ ਤੇ ਵੀਡੀਓ ਕੰਟੈਂਟ ਸੈਲਾਨੀਆਂ ਲਈ ਵਿਸ਼ੇਸ਼ ਸੁਵਿਧਾ ਪ੍ਰਦਾਨ ਕਰਦਾ ਹੈ।

Posted By: Seema Anand