ਗੁਰਦੀਪ ਭੱਲੜੀ, ਨੰਗਲ : ਪੰਜਾਬ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਪੰਜਾਬ ਵਿਧਾਨ ਸਭਾ ਇਕ ਖਾਸ ਇਜਲਾਸ ਸੱਦੇਗੀ। ਇਹ ਪ੍ਰਗਟਾਵਾ ਨੰਗਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ਼ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦਾ ਫ਼ਲਸਫ਼ਾ ਉਨ੍ਹਾਂ ਦੀ ਨਵੀਂ ਸੋਚ ਜਿਹੜੀ ਅੱਜ ਵੀ ਓਨੀ ਹੀ ਸਾਰਥਕ ਹੈ ਜਿੰਨੀ ਉਸ ਸਮੇਂ ਜਦੋਂ ਬਾਬਾ ਜੀ ਦੇ ਸਮੇਂ ਵਿਚ ਸੀ। ਆਉਣ ਵਾਲੇ ਸਮੇਂ ਵਿਚ ਪੰਜਾਬ ਵਿਧਾਨ ਸਭਾ ਇਜਲਾਸ ਬੁਲਾਇਆ ਜਾਵੇਗਾ,ਜਿਸ ਰਾਹੀਂ ਪੰਜਾਬ ਦੇ ਲੋਕਾਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਜੋ ਵਿਧਾਨ ਸਭਾ ਸੀਟਾਂ ਖਾਲੀ ਹੋਈਆਂ ਹਨ, ਜਿਸ ਵਿਚ ਮੁਕੇਰੀਆ ਤੋਂ ਰਜਨੀਸ਼ ਬੱਬੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ, ਲੁਧਿਆਣਾ ਤੋਂ ਐਚ.ਐਸ. ਫੂਲਕਾ ਵਿਧਾਇਕ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਹੈ ਅਤੇ ਸੋਮ ਪ੍ਰਕਾਸ਼ ਅਤੇ ਸੁਖਬੀਰ ਸਿੰਘ ਬਾਦਲ ਦੇ ਲੋਕ ਸਭਾ ਵਿਚ ਜਾਣ ਕਾਰਨ ਫਗਵਾੜਾ ਅਤੇ ਜਲਾਲਾਬਾਦ ਦੀ ਸੀਟ ਖਾਲੀ ਹੋ ਗਈ ਸੀ, ਜਿਨ੍ਹਾਂ ਦੀ ਚੋਣ ਕਮਿਸ਼ਨ ਨੂੰ ਇਤਲਾਹ ਕਰ ਦਿੱਤੀ ਹੈ। ਜਲਦ ਹੀ ਚੋਣ ਕਮਿਸ਼ਨ ਚੋਣਾਂ ਕਰਵਾਉਣ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕੇ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਬਾਰੇ ਕਿਹਾ ਉਸਦੀ ਸੁਣਵਾਈ ਜਾਰੀ ਹੈ। ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਵਲੋਂ ਸਿੱਖ ਸ਼ਰਧਾਲੂਆਂ 'ਤੇ ਦਰਸ਼ਨਾਂ ਦੀ 20 ਡਾਲਰ ਫੀਸ ਲਗਾਉਣ ਦੀ ਨਿੰਦਾ ਕਰਦਿਆਂ ਸਪੀਕਰ ਨੇ ਕਿਹਾ ਕਿ ਪਾਕਿਸਤਾਨ ਵਲੋਂ ਵੀ ਇਹ ਟੈਕਸ ਲਗਾਉਣਾ ਗਲਤ ਹੈ। ਉਨ੍ਹਾਂ ਇਸ ਟੈਕਸ ਨੂੰ ਜ਼ਜ਼ੀਆ ਟੈਕਸ ਕਰਾਰ ਦਿੱਤਾ।