ਲਖਵੀਰ ਖਾਬੜਾ, ਰੂਪਨਗਰ : ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਡਾਕਟਰ ਸੁਮੀਤ ਜਾਰੰਗਲ ਨੇ ਦਫਾ 144 ਅਧੀਨ ਜ਼ਿਲ੍ਹੇ ਵਿਚ ਕਿਸੇ ਵੀ ਵਿਅਕਤੀ ਵਲੋਂ ਸਾਇਕਲ, ਰਿਕਸ਼ਾ, ਰੇਹੜੀ, ਟਰੈਕਟਰ- ਟਰਾਲੀ ਅਤੇ ਹੋਰ ਗੱਡੀਆਂ ਦੇ ਅੱਗੇ-ਪਿੱਛੇ ਲਾਲ ਰੰਗ ਦੇ ਰਿਫਲੈਕਟਰ ਜਾਂ ਚਮਕਦਾਰ ਟੇਪ ਫਿੱਟ ਕਰਵਾਏ ਬਿਨਾਂ ਨਹੀਂ ਚਲਾਉਂਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਇਸ ਲਈ ਜਾਰੀ ਕੀਤੇ ਹਨ ਕਿਉਂਕਿ ਸਾਈਕਲ, ਰਿਕਸ਼ਾ, ਰੇਹੜੀ, ਟਰੈਕਟਰ-ਟਰਾਲੀ ਅਤੇ ਅਜਿਹਆਂ ਗੱਡੀਆਂ ਜਿੰਨਾਂ ਦੇ ਅੱਗੇ ਪਿੱਛੇ ਲਾਈਟਾਂ ਨਹੀਂ ਹਨ, ਉਨ੍ਹਾਂ ਉਪਰ ਰਿਫਲੈਕਟਰ ਆਦਿ ਨਾ ਲੱਗੇ ਹੋਣ ਕਾਰਨ ਅੱਗੇ ਤੋਂ ਤੇਜ਼ ਲਾਈਟਾਂ ਵਾਲਾ ਵਹੀਕਲ ਆਉਣ ਤੇ ਅਜਿਹੇ ਵਾਹਨ ਵਿਖਾਈ ਨਹੀਂ ਦਿੰਦੇ ਅਤੇ ਐਕਸੀਡੈਂਟ ਹੋਣ ਦਾ ਕਾਰਨ ਬਣਦੇ ਹਨ। ਇਸ ਨਾਲ ਜਿਥੇ ਜਾਨੀਂ ਤੇ ਮਾਲੀ ਨੁਕਸਾਨ ਹੁੰਦਾ ਹੈ ਉਥੇ ਕਈ ਵਾਰ ਆਮ ਜਨਤਾ ਵਿਚ ਅਸ਼ਾਂਤੀ ਅਤੇ ਅਮਨ ਭੰਗ ਹੋਣ ਦਾ ਖਤਰਾ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਇਸ ਲਈ ਅਜਿਹੇ ਵਾਹਨਾਂ ਨੂੰ ਰਿਫਲੈਕਟਰ ਲਾਏ ਬਿਨਾਂ ਚਲਾਉਣ ਤੇ ਲੋਕ ਹਿੱਤ ਵਿਚ ਰੋਕ ਲਾਈ ਗਈ ਹੈ। ਇਸੇ ਤਰ੍ਹਾਂ ਡੀਸੀ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਵਲੋਂ ਸਰਕਾਰੀ ਸੜਕ/ਰਸਤੇ ਦੀ ਜ਼ਮੀਨ ਤੇ ਨਜਾਇਜ ਕਬਜਾ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਊਡ ਸਪੀਕਰ ਜਾਂ ਅਵਾਜੀ ਯੰਤਰਾਂ 'ਤੇ ਪਾਬੰਦੀ

ਡੀਸੀ ਸੁਮੀਤ ਜਾਰੰਗਲ ਨੇ ਧਾਰਾ 144 ਅਧੀਨ ਜ਼ਿਲ੍ਹੇ ਦੀ ਹਦੂਦ ਅੰਦਰ ਪੰਜਾਬ ਇਨਸਟਰੁਮੈਂਟ (ਕੰਟਰੋਲ ਆਫ ਨੋਆਇਜਜ ) ਐਕਟ 1956 ਅਨੁਸਾਰ ਸਵੇਰੇ 6 ਵਜੇ ਤੋਂ ਰਾਤ 10 ਵਜੇ ਤਕ ਸਮਰੱਥ ਅਧਿਕਾਰੀ ਦੀ ਪ੫ਵਾਨਗੀ ਬਿਨਾਂ ਲਾਊਡ-ਸਪੀਕਰ ਚਲਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਊਡ ਸਪੀਕਰ ਜਾਂ ਅਵਾਜੀ ਯੰਤਰਾਂ 'ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਇਸ ਲਈ ਪਾਸ ਕੀਤੇ ਗਏ ਹਨ ਕਿਉਕਿ ਪਬਲਿਕ ਵੱਲੋਂ ਕਲਚਰਲ ਅਤੇ ਧਾਰਮਿਕ ਜਾਂ ਖੁਸ਼ੀ ਆਦਿ ਦੇ ਸਮਾਗਮਾਂ ਸਮੇਂ ਲਾਊਡਸਪੀਕਰ ਲਗਾ ਕੇ ਇਸ ਐਕਟ ਦੀ ਉਲੰਘਣਾਂ ਕੀਤੀ ਜਾਂਦੀ ਹੈ ਜਿਸ ਦੀ ਰੋਕਥਾਮ ਕਰਨੀ ਜ਼ਰੂਰੀ ਹੈ।

ਅਜਨਬੀ ਵਿਅਕਤੀ ਬਾਰੇ ਸਹੀ ਸੂਚਨਾ ਥਾਣੇ, ਚੌਕੀ ਵਿਚ ਦਰਜ ਕਰਵਾਈ ਜਾਵੇ

ਕਿਸੇ ਵੀ ਮਕਾਨ ਮਾਲਿਕ ਵੱਲੋਂ ਕੋਈ ਵੀ ਨਵਾਂ ਕਿਰਾਏਦਾਰ ਜਾਂ ਕਿਸੇ ਉਦਯੋਗਿਕ, ਸਨਅਤੀ ਅਦਾਰੇ ਜਾਂ ਖੇਤੀਬਾੜੀ ਨਾਲ ਸਬੰਧਤ ਕੰਮ ਲਈ ਕੋਈ ਅਜਨਬੀ ਵਿਅਕਤੀ ਨੂੰ ਪੱਕੇ ਜਾਂ ਕੱਚੇ ਤੌਰ ਤੇ ਰੱਖਿਆ ਜਾਂਦਾ ਹੈ ਤਾਂ ਉਸਦੀ ਪੂਰੀ ਅਤੇ ਸਹੀ ਸੂਚਨਾ ਜਿਸ ਵਿੱਚ ਉਸ ਵਿਅਕਤੀ ਦਾ ਨਾਮ, ਪਤਾ, ਫੋਟੋ ਆਦਿ ਹੋਵੇ ਆਪਣੇ ਨਜ਼ਦੀਕੀ ਥਾਣੇ/ਚੌਂਕੀ ਵਿੱਚ ਤੁਰੰਤ ਦਰਜ ਕਰਵਾਈ ਜਾਵੇ। ਇਹ ਹੁਕਮ ਡਾਕਟਰ ਸੁਮੀਤ ਜਾਰੰਗਲ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਨੇ ਫੋਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਜਾਰੀ ਕੀਤੇ ਹਨ। ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿਉਂਕਿ ਜ਼ਿਲ੍ਹੇ ਵਿੱਚ ਬਾਹਰਲੇ ਰਾਜਾਂ ਤੋ ਆ ਕੇ ਬਹੁਤ ਜਿਆਦਾ ਗਿਣਤੀ ਵਿਚ ਪਰਵਾਸੀ ਮਜ਼ਦੂਰ ਕੰਮ ਕਰ ਰਹੇ ਹਨ।