ਜੇਐੱਨਐੱਨ, ਮੋਰਿੰਡਾ : ਇੱਥੋਂ ਦੇ ਪਿੰਡ ਡੂਮਛੇੜੀ ਲਾਗੇ ਐਤਵਾਰ ਦੇਰ ਸ਼ਾਮ ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ ਬਾਈਕ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਤੀਜਾ ਸਵਾਰ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਪਹਿਲਾਂ ਮੋਰਿੰਡਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਤੇ ਫੇਰ ਸਿਵਲ ਹਸਪਤਾਲ ਰੂਪਨਗਰ ਰੈਫਰ ਕਰ ਦਿੱਤਾ ਗਿਆ ਹੈ। ਉਥੋਂ ਉਸ ਨੂੰ ਸੈਕਟਰ-32, ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਲਈ ਰੈਫ ਕੀਤਾ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮਿ੍ਤਕਾਂ ਦੀ ਸ਼ਨਾਖ਼ਤ ਪ੍ਰਮੋਦ ਪੁੱਤਰ ਲਕਸ਼ਮੀਕਾਂਤ ਤੇ ਸੂਰਜ ਪੁੱਤਰ ਸ਼ਿਵ ਵਾਸੀ ਮੋਹਾਲੀ ਵਜੋਂ ਹੋਈ ਹੈ। ਜਦਕਿ ਮੋਟਰਸਾਈਕਲ ਸਵਾਰ ਤੀਜੇ ਸਵਾਰ ਦੀ ਪਛਾਣ ਹਨੀ ਵਾਸੀ ਮੋਹਾਲੀ ਦੇ ਤੌਰ ’ਤੇ ਹੋਈ ਹੈ।

ਜਾਂਚ ਅਫ਼ਸਰ ਏਐੱਸਆਈ ਸੋਹਣ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਤਿੰਨੇਂ ਨੌਜਵਾਨ ਮੋਹਾਲੀ ਦੇ ਵਸਨੀਕ ਹਨ। ਇਹੇ ਤਿੰਨੇਂ ਮੋਟਰਸਾਈਕਲ ’ਤੇ ਫਤਹਿਗੜ੍ਹ ਘੁੰਮਣ ਆਏ ਸਨ। ਜਦੋਂ ਘੁੰਮ ਫਿਰ ਕੇ ਵਾਪਸ ਮੋਟਰਸਾਈਕਲ ’ਤੇ ਮੋਹਾਲੀ ਵੱਲ ਜਾ ਰਹੇ ਸਨ ਤਾਂ ਡੂਮਛੇੜੀ ਲਾਗੇ ਕਾਰ ਨੰਬਰ ਐੱਚਆਰ 03 ਐੱਸ 4289 ਦੇ ਚਾਲਕ ਨੇ ਇਨ੍ਹਾਂ ਦੇ ਮੋਟਰਸਾਈਕਲ ਵਿਚ ਸਾਈਡ ਮਾਰ ਦਿੱਤੀ, ਇਸ ਕਾਰਨ ਤਿੰਨੇਂ ਮੋਟਰਸਾਈਕਲ ਸਵਾਰ ਖੇਤਾਂ ਵਿਚ ਡਿੱਗੇ ਤੇ ਦਰਖ਼ਤਾਂ ਨਾਲ ਟਕਰਾਅ ਗਏ।

ਇਸ ਕਾਰਨ ਪ੍ਰਮੋਦ ਅਤੇ ਸੂਰਜ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਹਨੀ ਫੱਟੜ ਹੋ ਗਿਆ ਤੇ ਹੁਣ ਚੰਡੀਗੜ੍ਹ ਵਿਚ ਜ਼ੇਰੇ ਇਲਾਜ ਹੈ। ਪੁਲਿਸ ਮੁਲਾਜ਼ਮਾਂ ਨੇ ਇਸ ਮਾਮਲੇ ਵਿਚ ਬਣਦੀ ਕਾਰਵਾਈ ਕਰਦਿਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਹਨ ਤੇ ਕਾਰ ਚਲਾਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

Posted By: Jagjit Singh