ਬਲਾਚੌਰ : ਥਾਣਾ ਸਦਰ ਬਲਾਚੌਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਪਿੱਛੋਂ ਨਾਭਾ ਤੇ ਰੋਪੜ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਪਿੰਡ ਕੌਲਗੜ੍ਹ ਦੇ ਗੁਰਦੀਪ ਸਿੰਘ 'ਛੋਟਾ ਕੁਤਰਾ' ਤੇ ਅਰਵਿੰਦਰ ਸਿੰਘ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆਂਦਾ ਗਿਆ।ਯਾਦ ਰਹੇ ਕਿ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਕਾਰਕੁਨ ਨੂੰ ਰਾਹੋਂ ਪੁਲਿਸ ਨੇ ਮਈ 2016 ਨੂੰ ਗਿ੍ਫਤਾਰ ਕੀਤਾ ਸੀ, ਜਿਹੜਾ ਨਾਭਾ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।

ਇਹ ਕਾਰਕੁਨ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਦੇਸ਼ ਵਿਰੁੱਧ ਭੜਕਾਉਣ ਅਤੇ ਆਪਣੀ ਜਥੇਬੰਦੀ ਵਿਚ ਸ਼ਾਮਿਲ ਕਰਨ ਲਈ ਭੜਕਾਉਂਦਾ ਹੁੰਦਾ ਸੀ। ਗੁਰਦੀਪ ਛੋਟਾ ਕੁਤਰਾ ਜਿਹੜਾ ਰੋਪੜ ਜੇਲ੍ਹ ਵਿਚ ਬੰਦ ਹੈ, ਅਰਵਿੰਦਰ ਨਾਲ ਸੰਪਰਕ ਵਿਚ ਸੀ। ਦੋਵਾਂ ਕਾਰਕੁਨਾਂ ਨੂੰ ਸਖ਼ਤ ਸੁਰੱਖਿਆ ਪ੍ਬੰਧਾਂ ਹੇਠ ਵੱਖ-ਵੱਖ ਜੇਲ੍ਹਾਂ ਵਿੱਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਗਿਆ। ਅਦਾਲਤ ਨਵਾਂਸ਼ਹਿਰ ਵਿਚ ਪੇਸ਼ ਕਰਨ ਮਗਰੋਂ 10 ਦਿਨਾਂ ਲਈ ਪੁਲਿਸ ਰਿਮਾਂਡ ਦੀ ਮੰਗ ਕਰਨ 'ਤੇ ਅਦਾਲਤ ਨੇ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਜਾਣਕਾਰੀ ਅਨੁਸਾਰ ਬਲਾਚੌਰ ਪੁਲਿਸ ਨੂੰ ਇੰਟੈਲੀਜੈਂਸ ਨੇ ਇਤਲਾਹ ਕੀਤੀ ਸੀ ਕਿ ਦੇਸ਼ ਵਿਰੋਧੀ ਸਰਗਰਮੀਆਂ ਵਾਸਤੇ ਵਰਤੋਂ ਵਿਚ ਲਿਆਉਣ ਲਈ ਇਨ੍ਹਾਂ ਕਾਰਕੁਨਾਂ ਨੇ ਗੁਪਤ ਜਗ੍ਹਾ 'ਤੇ ਹਥਿਆਰ ਲੁਕਾ ਕੇ ਰੱਖੇ ਹੋਏ ਹਨ, ਇਨ੍ਹਾਂ ਹਥਿਆਰਾਂ ਨਾਲ ਇਹ ਕਾਰਕੁਨ ਤਬਾਹੀ ਦੀਆਂ ਵਾਰਦਾਤਾਂ ਅੰਜਾਮ ਦੇ ਸਕਦੇ ਹਨ। ਇਸ ਲਈ ਇਨ੍ਹਾਂ ਦਾ ਰਿਮਾਂਡ ਲੈ ਕੇ ਪੁਲਿਸ ਨੇ ਇਨ੍ਹਾਂ ਪਾਸੋਂ ਜਾਣਕਾਰੀ ਹਾਸਿਲ ਕਰ ਕੇ ਛਾਪੇਮਾਰੀ ਕਰ ਕੇ ਹਥਿਆਰਾਂ ਦੀ ਬਰਾਮਦਗੀ ਕੀਤੀ ਜਾਵੇ।