ਅਭੀ ਰਾਣਾ, ਨੰਗਲ : ਸਥਾਨਕ ਟਰੱਕ ਮਾਲਕਾਂ ਵੱਲੋਂ ਆਪਣੀ ਰੋਜ਼ੀ-ਰੋਟੀ ਬਚਾਉਣ ਲਈ ਪੰਜਾਬ ਸਰਕਾਰ ਦੇ ਪੁਤਲੇ ਲਗਾਤਾਰ ਫੂਕੇ ਜਾ ਰਹੇ ਹਨ। ਅੱਜ 11ਵੇਂ ਦਿਨ ਵੱਖ-ਵੱਖ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫ਼ੂਕਣ ਸਮੇਂ ਲੋਕਾਂ ਦਾ ਭਾਰੀ ਸਮਰਥਨ ਮਿਲਿਆ। ਸਵੇਰੇ 8 ਵਜੇ ਪਿੰਡ ਰਾਏਪੁਰ 'ਚ ਭਾਰੀ ਇਕੱਠ ਕੀਤਾ ਗਿਆ। ਅੱਜ ਦੇ ਇਕੱਠਾਂ ਵਿੱਚ ਆਪਣੀ ਰੋਜ਼ੀ-ਰੋਟੀ ਬਚਾਉਣ ਲਈ ਨੌਜਵਾਨ ਤੇ ਬੀਬੀਆਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਟਰੱਕ ਮਾਲਕਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਦੜੌਲੀ ਵਿੱਚ ਪ੍ਰਧਾਨ ਦੇ ਇਸ਼ਾਰੇ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦਿੱਤੀਆਂ ਧਮਕੀਆਂ ਕਾਰਨ ਵੀ ਭਾਰੀ ਰੋਹ ਪਾਇਆ ਜਾ ਰਿਹਾ ਹੈ।

ਇਸ ਮੌਕੇ ਤੇ ਕਰਤਾਰ ਸਿੰਘ, ਹਰਜਾਪ ਸਿੰਘ ਹਾਜੀਪੁਰ, ਸੁਰਜੀਤ ਸਿੰਘ ਢੇਰ, ਸੰਜੀਵ ਰਾਣਾ, ਸੰਦੀਪ ਸਿੰਘ ਕਲੋਤਾ ਨੇ ਕਿਹਾ ਕਿ ਟਰਾਂਸਪੋਰਟ ਸੁਸਾਇਟੀ ਦਾ ਪ੍ਰਧਾਨ ਪੀਏਸੀਐੱਲ ਦਾ ਪੱਖ ਲੈਣਾ ਇਹ ਗੱਲ ਸਿੱਧ ਕਰਦਾ ਹੈ ਕਿ ਉਸਨੂੰ ਟਰੱਕ ਮਾਲਕਾਂ ਦੀ ਕੋਈ ਚਿੰਤਾ ਨਹੀਂ ਹੈ। ਸਗੋਂ ਪੀਏਸੀਐਲ ਦੇ ਵੱਡੇ ਟਰਾਲੇ ਚਲਾਕੇ ਪ੍ਰਧਾਨ ਖੁਸ਼ ਹੈ। ਟਰੱਕ ਮਾਲਕਾਂ ਨੇ ਕਿਹਾ ਕਿ 25 ਫੀਸਦੀ ਭਾੜੇ ਘੱਟ ਕਰਨ ਨਾਲ ਪੀਏਸੀਐੱਲ ਨੂੰ ਹਰ ਮਹੀਨੇ ਇਕ ਕਰੋੜ ਰੁਪਏ ਦਾ ਫਾਇਦਾ ਹੋ ਰਿਹਾ ਹੈ। ਟਰੱਕ ਮਾਲਕਾਂ ਨੇ ਕਿਹਾ ਕਿ ਸੁਸਾਇਟੀ ਦੇ ਪ੍ਰਧਾਨ ਵੱਲੋਂ ਪੀਏਸੀਐੱਲ ਦੇ ਉਤਪਾਦਨ ਘੱਟ ਹੋਣ ਵਾਰੇ ਕਹਿਣਾ ਸਰਾਸਰ ਝੂਠ ਹੈ, ਕਿਉਂਕਿ ਜੂਨ 2020 'ਚ ਪੀਏਸੀਐੱਲ ਦੀ ਆਮਦਨ 36 ਕਰੋੜ ਰੁਪਏ ਸੀ ਪਰ ਹੁਣ ਮਾਰਚ ਵਿੱਚ ਇਹ 75 ਕਰੋੜ ਰੁਪਏ ਦਾ ਉਤਪਾਦਨ ਕੀਤਾ ਗਿਆ। ਪੀਏਸੀਐੱਲ ਦੇ ਸ਼ੇਅਰ ਵੀ ਵੱਧ ਰਹੇ ਹਨ। ਪੀਏਸੀਐਲ ਵਲੋਂ ਆਪਣੇ ਟਰਾਲਿਆਂ ਨਾਲ ਢੋਹ ਢੋਹਾਈ ਕਰਨ ਕਾਰਨ ਟਰਾਂਸਪੋਰਟ ਸੁਸਾਇਟੀ ਦਾ ਕੰਮ ਘਟਿਆ ਹੈ ਨਾ ਕਿ ਪੀਏਸੀਐੱਲ ਦਾ।

ਟਰੱਕ ਮਾਲਕਾਂ ਨੇ ਕਿਹਾ ਕਿ ਉਹ ਪੀਏਸੀਐੱਲ 'ਚੋਂ ਬਾਹਰਲੀਆਂ ਗੱਡੀਆਂ ਕੱਢ ਕੇ ਹੀ ਦਮ ਲੈਣਗੇ। ਆਪਣੀ ਰੋਜ਼ੀ-ਰੋਟੀ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਵਰ ਤਿਆਰ ਹਨ। ਅੱਜ ਪਿੰਡ ਰਾਏਪੁਰ, ਪੱਟੀ, ਮਾਣਕਪੁਰ ਅਤੇ ਮੇਘਪੁਰ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਅੱਜ ਟਰੱਕ ਮਾਲਕਾਂ ਦਾ ਵੱਡਾ ਕਾਫ਼ਲਾ ਪੈਦਲ ਹੀ ਚੱਲਿਆ। ਇਸ ਮੌਕੇ ਤੇ ਕਾਂਗਰਸੀ ਪਾਰਟੀ ਦੇ ਬਜ਼ੁਰਗ ਆਗੂ ਮੈਹਰ ਕਰਤਾਰ ਚੰਦ ਨੇ ਕਿਹਾ ਕਿ ਉਹ ਆਪਣੇ ਇਲਾਕੇ ਦੇ ਰੁਜ਼ਗਾਰ ਨੂੰ ਬਚਾਉਣ ਲਈ ਟਰੱਕ ਮਾਲਕਾਂ ਦਾ ਸਾਥ ਦੇਣਗੇ।

1952 ਤੋਂ ਚੱਲੀ ਆ ਰਹੀ ਟਰੱਕ ਯੂਨੀਅਨ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਹੈ। ਹੁਣ ਰੁਜ਼ਗਾਰ ਨਹੀਂ ਖੁੱਸਣ ਦਿੱਤਾ ਜਾਵੇਗਾ। ਇਸ ਮੌਕੇ ਤੇ ਬਿੱਕਰ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ ਫੋਜੀ, ਤੇਜਪਾਲ ਸਿੰਘ, ਸੰਗਤ ਸਿੰਘ ਠੀਕਰੀਵਾਲ, ਨਿਰਮਲ ਸਿੰਘ, ਭਾਗ ਸਿੰਘ, ਸਿਕੰਦਰ ਸਿੰਘ, ਮੋਹਣ ਸਿੰਘ, ਭੁਪਿੰਦਰ ਸਿੰਘ ਸੰਧੂ, ਨੀਲੂ ਗੋਨੀ, ਨਰਿੰਦਰ ਕੁਮਾਰ, ਜਸਵੀਰ ਸਿੰਘ, ਤਰਲੋਚਨ ਸਿੰਘ, ਅਸ਼ਵਨੀ ਕੁਮਾਰ ਸਮੇਤ ਅਨੇਕਾਂ ਟਰੱਕ ਮਾਲਕ ਹਾਜ਼ਰ ਸਨ। ਅੌਰਤਾਂ ਨੇ ਪੁਤਲਿਆਂ ਦਾ ਪਿੱਟ ਸਿਆਪਾ ਕੀਤਾ।