ਸਟਾਫ ਰਿਪੋਰਟਰ, ਰੂਪਨਗਰ : ਵਣ ਵਿਭਾਗ ਰੋਪੜ ਮੰਡਲ ਵੱਲੋਂ ਪਿਛਲੇ ਦਿਨੀਂ ਵਣ ਮੰਡਲ ਅਫ਼ਸਰ ਅਮਿਤ ਚੌਹਾਨ ਦੇ ਵਿਸ਼ੇਸ਼ ਸਹਿਯੋਗ ਸਦਕਾ ਸ਼ੁਰੂ ਹੋਈ ਵਾਤਾਵਰਣ ਸੰਭਾਲ ਜਾਗਰੂਕਤਾ ਮੁਹਿੰਮ ਤਹਿਤ ਸਾਹਿਤਕਾਰ ਰੋਮੀ ਘੜਾਮੇਂ ਵਾਲ਼ਾ ਸ.ਹ.ਸ. ਝੱਲੀਆਂ ਖੁਰਦ ਵਿਖੇ ਇਥੋਂ ਦੀ, ਪਿੰਡ ਮਾਹਲਾਂ ਅਤੇ ਭੈਣੀ ਦੀਆਂ ਪੰਚਾਇਤਾਂ, ਨਰੇਗਾ ਕਾਮਿਆਂ, ਸਕੂਲਾਂ ਦੇ ਸਟਾਫ਼, ਪ੍ਰਬੰਧਕ ਕਮੇਟੀ ਅਤੇ ਵਿਦਿਆਰਥੀਆਂ ਦੇ ਰੂਬਰੂ ਹੋਏ। ਜਿਸ ਦੌਰਾਨ ਉਨ੍ਹਾਂ ਆਪਣੀਆਂ ਸਾਹਿਤਕ ਰਚਨਾਵਾਂ ਨਾਲ਼ ਲੋਕਾਂ ਨੂੰ ਜਾਗਰੂਕ ਕੀਤਾ ਤੇ ਸਮਝਾਇਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਮੁੱਖ ਰੱਖਦਿਆਂ ਲਗਵਾਏ ਗਏ ਬੂਟਿਆਂ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਮਿਲੇ ਖ਼ਾਸ ਤੋਹਫ਼ੇ ਸਮਝ ਕੇ ਸੰਭਾਲਿਆ ਜਾਵੇ। ਰੋਮੀ ਨੇ ਸਾਹਿਤਕ ਰੁਚੀ ਰੱਖਣ ਵਾਲ਼ੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬੇਨਤੀ ਵੀ ਕੀਤੀ ਕਿ ਹਰੇਕ ਮਹੀਨੇ ਦੇ ਪਹਿਲੇ ਐਤਵਾਰ ਗਾਂਧੀ ਸਕੂਲ ਰੋਪੜ ਵਿਖੇ ਜ਼ਿਲ੍ਹਾ ਲਿਖਾਰੀ ਸਭਾ ਦੀ ਮਹੀਨਾਵਾਰ ਮਿਲਣੀ ਵਿੱਚ ਜ਼ਰੂਰ ਸ਼ਾਮਲ ਹੋਣ ਸਮਾਗਮ ਵਿੱਚ ਅਮਨਿੰਦਰ ਸਿੰਘ ਮਾਹਲਾਂ ਜਨਰਲ ਸਕੱਤਰ ਪੰਜਾਬ ਕਿਸਾਨ ਯੂਨੀਅਨ (ਲੱਖੋਵਾਲ), ਜ਼ਿਲ੍ਹਾ ਰੋਪੜ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਅਮਨਿੰਦਰ ਸਿੰਘ ਨੇ ਰੋਮੀ ਘੜਾਮੇਂ ਵਾਲ਼ਾ ਨੂੰ ਜਤਿੰਦਰ ਸਿੰਘ (ਮਾਈਕਰੋ ਲੈਬਾਰਟਰੀ) ਵੱਲੋਂ ਭੇਜੀ ਨਗਦ ਰਾਸ਼ੀ ਨਾਲ਼ ਸਨਮਾਨਿਤ ਕੀਤਾ ਅਤੇ ਆਪਣੇ ਵੱਲੋਂ ਸਕੂਲ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ