ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਜਿੱਥੇ ਸਰਕਾਰਾਂ ਘੁਟਾਲੇ ਨਸ਼ਰ ਕਰਨ ਵਾਲੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਜਾਂ ਮੈਡਲ ਦੇ ਕੇ ਨਿਵਾਜਦੀਆਂ ਹਨ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਲੰਗਰ ਘੁਟਾਲੇ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਲੰਗਰ ਘੁਟਾਲੇ ਨੂੰ ਸਾਹਮਣੇ ਲਿਆਉਣ ਵਾਲੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਤਾਂ ਕੀ ਨਵਾਜਣਾ ਸੀ ਬਲਕਿ ਉਨ੍ਹਾਂ ਨੂੰ ਅਹੁਦੇ ਤੋਂ ਹੀ ਲਾਂਭੇ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਲੰਗਰ ਘੁਟਾਲੇ ਨੂੰ ਨਸ਼ਰ ਕਰਨ ਵਾਲੇ ਚੀਫ ਗੁਰਦੁਆਰਾ ਇੰਸਪੈਕਟਰ ਗੁਲਜ਼ਾਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਨੇ ਤਬਦੀਲ ਕਰ ਕੇ ਸੁਪਰਵਾਈਜ਼ਰ ਲਗਾ ਦਿੱਤਾ ਹੈ ਜਦਕਿ ਮੁਕਤਸਰ ਸਾਹਿਬ ਵਿਖੇ ਹੋਏ ਘੁਟਾਲੇ ਨੂੰ ਸਾਹਮਣੇ ਲਿਆਉਣ ਵਾਲੇ ਫਲਾਇੰਗ ਸੁਕਐਡ ਦੇ ਇੰਚਾਰਜ ਕੁਲਦੀਪ ਸਿੰਘ ਰੋਡੇ ਨੂੰ ਵੀ ਤਬਦੀਲ ਕਰਕੇ ਇੰਚਾਰਜ ਖ਼ਰੀਦਾਂ ਲਗਾ ਦਿੱਤਾ ਗਿਆ ਹੈ। ਕਹਿਣ ਨੂੰ ਤਾਂ ਇਹ ਕਾਰਵਾਈ ਪ੍ਰਬੰਧਕੀ ਤੇ ਆਮ ਕਾਰਵਾਈ ਦੱਸੀ ਜਾ ਰਹੀ ਹੈ ਪਰ ਅਸਲੀਅਤ ਵਿਚ ਘੁਟਾਲਿਆਂ ਦੀ ਜਾਂਚ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਨ ਲਈ ਚੁੱਪ-ਚਪੀਤੇ ਕੀਤੀ ਗਈ ਕਾਰਵਾਈ ਦੱਸੀ ਜਾ ਰਹੀ ਹੈ।

ਇਸ ਸਬੰਧੀ ਸ਼੍ਰੋਮਣੀ ਕਮੇਟੀ 'ਤੇ ਇਲਜ਼ਾਮ ਲਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਬਘੇਰਾ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਪਾਰਟੀ ਪ੍ਰਧਾਨ ਤਕ ਪਹੁੰਚ ਕਰਨਗੇ। ਉਨ੍ਹਾਂ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੱਚ ਨੂੰ ਦਬਾਉਣ ਲਈ ਕੀਤੀ ਗਈ ਕਾਰਵਾਈ ਬਾਰੇ ਵੀ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ।

ਉਧਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਪੀਏ ਮਹਿੰਦਰ ਸਿੰਘ ਆਹਲੀ ਨੇ ਉਕਤ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਕੋਈ ਖ਼ਾਸ ਬਦਲੀਆਂ ਨਹੀਂ ਬਲਕਿ ਰੂਟੀਨ ਵਿਚ ਕੀਤੀਆਂ ਗਈਆਂ ਹੋਰ ਬਦਲੀਆਂ ਦੇ ਨਾਲ ਹੀ ਕੀਤੀ ਗਈ ਕਾਰਵਾਈ ਹੈ। ਲੰਗਰ ਘੁਟਾਲਿਆਂ ਦੀ ਜਾਂਚ ਪ੍ਰਭਾਵਿਤ ਹੋਣ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।

Posted By: Jagjit Singh