ਸਟਾਫ ਰਿਪੋਰਟਰ, ਰੂਪਨਗਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰੂਪਨਗਰ ਦੀ ਅਦਾਲਤ ਨੇ ਇਕ ਵਿਅਕਤੀ ਨੂੰ ਅਗਵਾ ਕਰ ਕੇ ਇਕ ਨਾਬਾਲਿਗਾ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ 20 ਸਾਲ ਦੀ ਕੈਦ ਅਤੇ 40 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ 25 ਜੁਲਾਈ 2018 ਨੂੰ ਥਾਣਾ ਸਦਰ ਰੋਪੜ ਵਿਖੇ ਆਈਪੀਸੀ ਦੀ ਧਾਰਾ 376, 363,366,506 ਅਤੇ ਪੋਸਕੋ ਐਕਟ ਤਹਿਤ ਪਰਮਜੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸਦੀ ਨਣਾਨ ਦੀ ਲੜਕੀ ਜੋ ਕਿ ਨਾਬਾਲਿਗ ਹੈ, ਉਨ੍ਹਾਂ ਦੇ ਨਾਲ ਬਚਪਨ ਤੋਂ ਹੀ ਰਹਿ ਰਹੀ ਹੈ। 14 ਜੁਲਾਈ 2018 ਦੀ ਰਾਤ ਨੂੰ ਕਰੀਬ ਨੌ ਵਜੇ ਉਹ ਘਰੋਂ ਅਚਾਨਕ ਚਲੀ ਗਈ, ਜੋ ਕਿ ਅਗਲੀ ਸਵੇਰ ਘਨੌਲੀ ਰੇਲਵੇ ਸਟੇਸ਼ਨ ਤੋਂ ਬਰਾਮਦ ਹੋਈ। ਨਾਬਾਲਿਗਾ ਨੇ ਉਸ ਨੂੰ ਦੱਸਿਆ ਕਿ ਉਹ ਇਕ ਪ੍ਰਾਈਵੇਟ ਸਕੂਲ 'ਚ ਪੜ੍ਹਦੀ ਹੈ। ਸਕੂਲ ਦੇ ਡਰਾਈਵਰ ਪਰਮਜੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਗੁੰਨੋਮਾਜਰਾ ਨੇ ਰਾਤ ਨੂੰ ਉਸ ਨੂੰ ਫੋਨ ਕਰ ਕੇ ਘਰੋਂ ਬਾਹਰ ਬੁਲਾਇਆ ਸੀ ਤੇ ਬਾਹਰ ਨਾ ਆਉਣ 'ਤੇ ਬਦਨਾਮ ਕਰਨ ਦੀ ਧਮਕੀ ਦਿੱਤੀ ਸੀ। ਪਰਮਜੀਤ ਸਿੰਘ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਅਗਵਾ ਕਰ ਕੇ ਨਾਲ ਲੈ ਗਿਆ ਸੀ ਅਤੇ ਸਵੇਰੇ ਘਨੌਲੀ ਰੇਲਵੇ ਸਟੇਸ਼ਨ ਕੋਲ ਛੱਡ ਗਿਆ ਸੀ। ਪਰਮਜੀਤ ਸਿੰਘ ਨੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਮਾਰਨ ਦੀ ਵੀ ਧਮਕੀ ਦਿੱਤੀ। ਅੱਜ ਇਸ ਮਾਮਲੇ 'ਚ ਸੁਣਵਾਈ ਕਰਦੇ ਹੋਏ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੁਰਿੰਦਰਪਾਲ ਕੌਰ ਦੀ ਅਦਾਲਤ ਨੇ ਪਰਮਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ 20 ਸਾਲ ਦੀ ਜੇਲ੍ਹ ਅਤੇ 40 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।