ਸਟਾਫ ਰਿਪੋਰਟਰ, ਰੂਪਨਗਰ : ਬੀਤੀ ਰਾਤ ਰੋਪੜ- ਨੰਗਲ ਮਾਰਗ 'ਤੇ ਸਥਿਤ ਰੋਪੜ ਆਈਟੀਆਈ ਦੇ ਕੋਲ ਮੋਟਰਸਾਈਕਲ ਸਵਾਰ ਪਿੰਡ ਕੋਟਲਾ ਨਿਹੰਗ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਸੰਦੀਪ ਸਿੰਘ ਮਨੀ (27) ਪੁੱਤਰ ਬਲਜੀਤ ਸਿੰਘ ਤੇ ਵਿੱਕੀ (30) ਪੁੱਤਰ ਅਸ਼ੋਕ ਕੁਮਾਰ ਦੋਵੇਂ ਨਿਵਾਸੀ ਕੋਟਲਾ ਨਿਹੰਗ ਵਜੋਂ ਹੋਈ ਹੈ। ਜੋ ਕਿ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਸੰਦੀਪ ਸਿੰਘ ਮਨੀ ਜੋ ਕਿ ਵਿਦੇਸ਼ ਕੁਵੈਤ 'ਚ ਡਰਾਇਵਰੀ ਕਰਦਾ ਸੀ ਤੇ ਕੁਝ ਮਹੀਨੇ ਪਹਿਲਾਂ ਹੀ ਵਾਪਸ ਪਿੰਡ ਪਰਤਿਆ ਸੀ। ਜਦੋਂ ਕਿ ਵਿੱਕੀ ਇਕ ਹੋਟਲ 'ਚ ਵੇਟਰ ਦਾ ਕੰਮ ਕਰਦਾ ਸੀ।

ਇਨ੍ਹਾਂ 'ਚੋਂ ਵਿੱਕੀ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਸਨ। ਦੋਵੇਂ ਨੌਜਵਾਨਾਂ ਦੀ ਸੜਕ ਹਾਦਸੇ 'ਚ ਅਚਾਨਕ ਹੋਈ ਮੌਤ ਨਾਲ ਇਲਾਕੇ 'ਚ ਸੋਗ ਫੈਲ ਗਿਆ। ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਨੌਜਵਾਨ ਬੀਤੀ ਰਾਤ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਰੋਪੜ ਆ ਰਹੇ ਸਨ ਕਿ ਜਦੋਂ ਆਈਟੀਆਈ ਰੋਪੜ ਦੇ ਕੋਲ ਪਹੁੰਚੇ ਤਾਂ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਗਏ ਤੇ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਵਾਹਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਵਾਂ ਦਾ ਸਿਵਲ ਹਸਪਤਾਲ ਰੋਪੜ ਵਿਖੇ ਪੋਸਟਮਾਰਟਮ ਕਰਨ ਉਪਰੰਤ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ ਤੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।

Posted By: Amita Verma