ਸਟਾਫ ਰਿਪੋਟਰ, ਰੂਪਨਗਰ : ਘਾੜ ਇਲਾਕੇ ਦੀ ਵੱਡੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿੰਦਰਖ ਪੁਰਖਾਲੀ ਦਰਮਿਆਨ ਪੈਂਦੇ ਹਰੀਪੁਰ ਨਾਲੇ ’ਤੇ ਪੁਲ਼ ਬਣਾਉਣ ਲਈ ਰੱਖੇ ਨੀਂਹ ਪੱਥਰ ਨੂੰ ਬੀਤੀ ਰਾਤ ਸ਼ਰਾਰਤੀ ਅਨਸਰਾਂ ਨੇ ਤੋੜ ਦਿੱਤਾ। ਕਾਂਗਰਸੀ ਆਗੂ ਤੇ ਪਿੰਡ ਪੁਰਖਾਲੀ ਦੇ ਸਰਪੰਚ ਦਿਲਬਰ ਸਿੰਘ ਨੇ ਪੁਲਿਸ ਚੌਕੀ ਪੁਰਖਾਲੀ ਵਿਖੇ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਸਰਪੰਚ ਦਿਲਬਰ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੁਆਰਾ 18 ਦਸੰਬਰ 2021 ਨੂੰ 8.24 ਕਰੋੜ ਰੁਪਏ ਦੀ ਲਾਗਤ ਨਾਲ ਨਾਲੇ ’ਤੇ ਬਣਨ ਵਾਲੇ ਪੁਲ਼ ਦਾ ਨੀਂਹ ਪੱਥਰ ਰੱਖਣ ਉਪਰੰਤ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸੀ ਪਰ ਕਿਸੇ ਸ਼ਰਾਰਤੀ ਅਨਸਰ ਨੇ ਬੀਤੀ ਰਾਤ ਨੀਂਹ ਪੱਥਰ ਤੋੜ ਦਿੱਤਾ। ਜਿਸ ਕਰਕੇ ਸਮੁੱਚੇ ਕਾਂਗਰਸੀ ਵਰਕਰਾਂ ਤੇ ਇਲਾਕਾ ਵਾਸੀਆਂ ਦੇ ਮਨਾਂ ’ਚ ਭਾਰੀ ਰੋਸ ਹੈ। ਉੱਧਰ ਪੁਲਿਸ ਚੌਕੀ ਪੁਰਖਾਲੀ ਦੇ ਇੰਚਾਰਜ ਲੇਖਾ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਲਦ ਹੀ ਸ਼ਰਾਰਤੀ ਅਨਸਰ ਦਾ ਪਤਾ ਲੱਗ ਜਾਵੇਗਾ।

Posted By: Jagjit Singh