ਵਿਨੋਦ ਸ਼ਰਮਾ, ਕੀਰਤਪੁਰ ਸਾਹਿਬ : ਬੁੰਗਾ ਸਾਹਿਬ ਵਿਖੇ ਸਥਿਤ ਭਾਰਤ ਪੈਟ੍ਰੋਲੀਅਮ ਦੇ ਮਾਲਕ ਤੇ ਭਰਤਗੜ੍ਹ ਦੀ ਦਾਣਾ ਮੰਡੀ ਵਿਚ ਆੜ੍ਹਤ ਕਰਦੇ ਪਿੰਡ ਅਟਾਰੀ ਦੇ ਵਸਨੀਕ ਸੁਰਿੰਦਰ ਭੱਲਾ ਜੋ ਬੀਤੀ ਰਾਤ ਤੋਂ ਸ਼ੱਕੀ ਹਾਲਾਤ 'ਚ ਲਾਪਤਾ ਸਨ ਦੀ ਲਾਸ਼ ਪੁਲਿਸ ਵੱਲੋਂ ਕੋਟਲਾ ਪਾਵਰ ਹਾਊਸ ਦੇ ਗੇਟਾਂ ਤੋਂ ਬਰਾਮਦ ਹੋਈ ਹੈ।

ਇਸ ਤੋਂ ਪਹਿਲਾਂ ਪੁਲਿਸ ਵੱਲੋਂ ਉਸ ਦੀ ਐਕਟਿਵਾ ਪਿੰਡ ਪਿ੍ਥੀਪੁਰ ਨੇੜੇ ਗੋਤਾਖੋਰਾਂ ਦੀ ਮਦਦ ਨਾਲ ਭਾਖੜਾ ਨਹਿਰ 'ਚੋਂ ਬਰਾਮਦ ਕਰ ਕੇ ਬਾਹਰ ਕਢਵਾ ਲਈ ਗਈ ਸੀ। ਪੁਲਿਸ ਵੱਲੋਂ ਭਾਖੜਾ ਨਹਿਰ ਦੀ ਲਿੰਕ ਸੜਕ ਦੇ ਨਾਲ ਹੀ ਝਾੜੀਆਂ 'ਚੋਂ ਸੁਰਿੰਦਰ ਭੱਲਾ ਦੇ ਮੋਬਾਈਲ ਫੋਨ, ਪੈਸੇ, ਚੱਪਲਾਂ, ਡਾਇਰੀ, ਖੂਨ ਲੱਗੇ ਹੋਏ ਦੋ ਡੰਡੇ ਵੀ ਬਰਾਮਦ ਕੀਤੇ ਗਏ ਸਨ।

ਜਾਣਕਾਰੀ ਅਨੁਸਾਰ ਸੁਰਿੰਦਰ ਭੱਲਾ (36) ਪੁੱਤਰ ਸਵਰਗਵਾਸੀ ਮਾ. ਯੋਗਰਾਜ ਭੱਲਾ ਵਾਸੀ ਪਿੰਡ ਅਟਾਰੀ ਦੇ ਵੱਡੇ ਭਰਾ ਅਰਸ਼ਦੀਪ ਭੱਲਾ ਨੇ ਦੱਸਿਆ ਕਿ ਬੀਤੀ ਰਾਤ ਸੁਰਿੰਦਰ ਭੱਲਾ ਬੁੰਗਾ ਸਾਹਿਬ ਆਪਣੇ ਪੈਟਰੋਲ ਪੰਪ 'ਤੇ ਤੇਲ ਦਾ ਟੈਂਕਰ ਖ਼ਾਲੀ ਕਰਵਾ ਕੇ ਕਰੀਬ 9.15 'ਤੇ ਆਪਣੀ ਐਕਟਿਵਾ ਸਕੂਟਰੀ 'ਤੇ ਘਰ ਅਟਾਰੀ ਲਈ ਚੱਲਿਆ ਸੀ। ਪਰ ਉਹ ਰਾਤ ਘਰ ਨਹੀਂ ਪੁੱਜਾ, ਜਿਸ ਤੋਂ ਬਾਅਦ ਉਸ ਨੂੰ ਕਈ ਫੋਨ ਕੀਤੇ ਗਏ ਪਰ ਉਸ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਸਾਰੀ ਰਾਤ ਉਸ ਦੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਪਤਾ ਨਾ ਲੱਗ ਸਕਿਆ।

ਵੀਰਵਾਰ ਸਵੇਰੇ ਉਨ੍ਹਾਂ ਦੇ ਛੋਟੇ ਭਰਾ ਯੋਗੇਸ਼ ਭੱਲਾ ਨੂੰ ਅਟਾਰੀ ਨੂੰ ਆਉਂਦੀ ਭਾਖੜਾ ਨਹਿਰ ਦੀ ਲਿੰਕ ਸੜਕ ਪਿੰਡ ਪਿ੍ਰਥੀਪੁਰ ਬੁੰਗਾ ਨੇੜੇ ਝਾੜੀਆਂ ਵਿਚੋਂ ਉਸਦੇ ਮੋਬਾਈਲ ਫੋਨ, ਖੂਨ ਲੱਗੇ ਹੋਏ ਡੰਡੇ, ਪੈਸੇ, ਡਾਇਰੀ ਪਈ ਦਿਖਾਈ ਦਿੱਤੀ ਤਾਂ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਮੌਕੇ 'ਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸਐੱਚਓ ਇੰਸਪੈਕਟਰ ਹਰਕੀਰਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ।

ਜਾਣਕਾਰੀ ਮਿਲਣ 'ਤੇ ਐੱਸਪੀ (ਡੀ) ਅਜਿੰਦਰ ਸਿੰਘ, ਡੀਐੱਸਪੀ ਰਮਿੰਦਰ ਸਿੰਘ ਕਾਹਲੋਂ ਸ੍ਰੀ ਅਨੰਦਪੁਰ ਸਾਹਿਬ, ਸੀਆਈਏ ਇੰਚਾਰਜ ਇੰਸਪੈਕਟਰ ਸੰਨੀ ਖੰਨਾ ਤੇ ਹੋਰ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪੁੱਜ ਗਏ। ਪੁਲਿਸ ਨੇ ਗੋਤਾਖੋਰ ਬੁਲਾ ਕੇ ਵਾਰਦਾਤ ਦੀ ਥਾਂ ਤੋਂ ਅੱਗੇ ਭਾਖੜਾ ਨਹਿਰ ਵਿਚੋਂ ਐਕਟਿਵਾ ਸਕੂਟਰੀ ਵੀ ਬਰਾਮਦ ਕਰ ਲਈ।

ਇਸ ਸਬੰਧੀ ਐੱਸਪੀ (ਡੀ) ਅਜਿੰਦਰ ਸਿੰਘ ਨੇ ਕਿਹਾ ਕਿ ਜੋ ਸਾਮਾਨ ਮੌਕੇ ਤੋਂ ਮਿਲਿਆ ਹੈ ਉਸ ਨੂੰ ਜਾਂਚ ਲਈ ਫੋਰੈਂਸਿਕ ਲੈਬ 'ਚ ਭੇਜ ਦਿੱਤਾ ਗਿਆ ਹੈ। ਇਸ ਕੇਸ ਵਿਚ ਪੁਲਿਸ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ। ਜਲਦ ਹੀ ਇਸ ਕੇਸ ਦੀ ਗੁੱਥੀ ਸੁਲਝਾ ਲਈ ਜਾਵੇਗੀ।

ਸੁਰਿੰਦਰ ਭੱਲਾ ਤੇ ਇੱਕ ਲੜਕੀ ਦੀ ਲਾਸ਼ ਬਰਾਮਦ

ਪੁਲਿਸ ਨੂੰ ਕੋਟਲਾ ਪਾਵਰ ਹਾਊਸ ਦੇ ਵੱਖ-ਵੱਖ ਗੇਟਾਂ ਤੋਂ ਸੁਰਿੰਦਰ ਭੱਲਾ ਤੇ ਇਕ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਬਾਰੇ ਡੀਐੱਸਪੀ ਰਮਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਉਕਤ ਲਾਸ਼ ਸੁਰਿੰਦਰ ਭੱਲਾ ਦੀ ਹੈ ਅਤੇ ਜੋ ਲੜਕੀ ਦੀ ਲਾਸ਼ ਬਰਾਮਦ ਹੋਈ ਹੈ ਉਸ ਬਾਰੇ ਉਹ ਪੜਤਾਲ ਕਰ ਰਹੇ ਹਨ, ਜਿਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।