ਸਟਾਫ ਰਿਪੋਰਟਰ, ਰੂਪਨਗਰ : ਘਨੌਲੀ ਬੈਰੀਅਰ ਨੇੜੇ ਸਥਿਤ ਪਿੰਡ ਥਲੀ ਖੁਰਦ ਦੀ ਬਾਜ਼ੀਗਰ ਬਸਤੀ ਦੇ ਵਾਰਡ ਨੰਬਰ 1 ਦੇ ਵਸਨੀਕ ਸੁਰਜੀਤ ਰਾਮ (45) ਪੁੱਤਰ ਨਾਦਰ ਰਾਮ ਦੀ ਲਾਸ਼ ਅੱਜ ਸਵੇਰੇ ਅਨਾਜ ਮੰਡੀ ਘਨੌਲੀ ਤੋਂ ਥੋੜ੍ਹਾ ਅੱਗੇ ਘਨੌਲੀ ਨਾਲਾਗੜ੍ਹ ਮਾਰਗ 'ਤੇ ਸੜਕ ਕਿਨਾਰੇ ਉੱਗੀਆਂ ਝਾੜੀਆਂ ਵਿੱਚੋਂ ਬਰਾਮਦ ਹੋਈ ਹੈ। ਮ੍ਰਿਤਕ ਦੀ ਲਾਸ਼ 'ਤੇ ਮਿਲੇ ਤੇਜ਼ਧਾਰ ਹਥਿਆਰ ਦੇ ਨਿਸ਼ਾਨਾਂ ਕਾਰਨ ਇਹ ਕਤਲ ਦਾ ਮਾਮਲਾ ਜਾਪਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਅਤੇ ਬੀਤੇ ਦਿਨ ਬਾਅਦ ਦੁਪਹਿਰ ਉਹ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਸ ਨੇ ਕਿਸੇ ਤੋਂ ਸਬਜ਼ੀ ਦੇ ਪੈਸੇ ਲੈਣੇ ਹਨ, ਪਰ ਉਹ ਦੇਰ ਸ਼ਾਮ ਤੱਕ ਘਰ ਨਹੀਂ ਪਰਤਿਆ।

ਪਰਿਵਾਰਕ ਮੈਂਬਰਾਂ ਵੱਲੋਂ ਇਸ ਸਬੰਧੀ ਪਿੰਡ ਦੀ ਸਰਪੰਚ ਨੂੰ ਸੂਚਿਤ ਕਰਨ ਤੋਂ ਬਾਅਦ ਪੁਲੀਸ ਚੌਂਕੀ ਘਨੌਲੀ ਵਿਖੇ ਇਤਲਾਹ ਦਿੱਤੀ ਗਈ, ਜਿਸ ਦੌਰਾਨ ਅੱਜ ਸਵੇਰੇ ਪੁਲਿਸ ਨੂੰ ਅਨਾਜ ਮੰਡੀ ਘਨੌਲੀ ਤੋਂ ਅੱਗੇ ਐਸਵਾਈਐਲ ਦੇ ਗੋਦਾਮ ਨੇੜੇ ਝਾੜੀਆਂ ਵਿੱਚ ਕਿਸੇ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਪ੍ਰਾਪਤ ਹੋਈ।

ਪੁਲਿਸ ਚੌਕੀ ਘਨੌਲੀ ਦੇ ਇੰਚਾਰਜ ਜਸਮੇਰ ਸਿੰਘ, ਐਸਐਚਓ ਤਿਲਕ ਰਾਜ ਅਤੇ ਏਐਸਪੀ ਰਵੀ ਕੁਮਾਰ ਨੇ ਤੁਰੰਤ ਘਟਨਾ ਸਥਾਨ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਏਐਸਪੀ ਰਵੀ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਲੜਕੇ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ ਕਾਵਰਾਈ ਸ਼ੁਰੂ ਕਰ ਦਿੱਤੀ ਗਈ ਹੈ।

Posted By: Jagjit Singh