ਮਨਪ੍ਰਰੀਤ ਸਿੰਘ, ਘਨੌਲੀ:

ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਅਤੇ ਕੰਟਰੈਕਟਰ ਕਰਮਚਾਰੀ ਯੂਨੀਅਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਲੋਂ ਅੱਜ ਜੁਆਇੰਟ ਫੋਰਮ ਵਲੋਂ ਦਿਤੇ ਗਏ ਸੱਦੇ ਤੇ ਭਾਜਪਾ ਦੀ ਕੇਂਦਰ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕਰਦੇ ਹੋਏ ਕੇਂਦਰ ਸਰਕਾਰ ਵਲੋਂ ਮਿਤੀ 8 ਸਤੰਬਰ 2022 ਨੂੰ ਬਿਜਲੀ ਦੀ ਵੰਡ ਸਬੰਧੀ ਜਾਰੀ ਕੀਤੀ ਗਏ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕ ਕੇ ਆਪਣਾ ਰੋਸ ਜਾਹਰ ਕੀਤਾ ਗਿਆ। ਇਸ ਸਬੰਧੀ ਹਾਜਰ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਸਰਪ੍ਰਸਤ ਹਰਮੇਸ਼ ਸਿੰਘ ਧੀਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਾਰੇ ਭਾਰਤ ਦੇ ਬਿਜਲੀ ਬੋਰਡਾਂ ਅਤੇ ਕਾਰਪੋਰੇਸ਼ਨਾਂ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸੋਂਪਣ ਸਬੰਧੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪਹਿਲਾਂ ਬਿਜਲੀ ਐਕਟ 2003 ਵਿਚ ਸੋਧ ਕਰਕੇ ਨਵਾਂ ਬਿਜਲੀ ਐਕਟ 2022 ਬਣਾ ਕੇ ਰਾਜਾਂ ਦੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ ਸੀ ਪਰ ਮੁਲਾਜ਼ਮ ਅਤੇ ਕਿਸਾਨ ਜਥੇਬੰਦੀਆਂ ਵਲੋਂ ਤਿੱਖਾ ਵਿਰੋਧ ਹੋਣ ਕਾਰਨ ਯੂ ਟਰਨ ਲੈਂਦੇ ਹੋਏ ਕੇਂਦਰ ਸਰਕਾਰ ਵਲੋਂ ਇਹ ਬਿੱਲ ਸੰਸਦੀ ਕਮੇਟੀ ਕੋਲ ਪੇਸ਼ ਕਰਨ ਲਈ ਮਜਬੂਰ ਹੋਣਾ ਪਿਆ ਹੈ। ਕੇਂਦਰ ਸਰਕਾਰ ਵਲੋਂ ਹੁਣ ਹੋਰ ਚਾਲ ਚਲਦੇ ਹੋਏ ਬਿਜਲੀ ਦੀ ਵੰਡ ਪ੍ਰਣਾਲੀ ਨੂੰ ਨਿੱਜੀ ਹੱਥਾਂ ਵਿਚ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਗਿਆ ਹੈ। ਸਮੁੱਚਾ ਮੁਲਾਜਮ ਵਰਗ ਇਸ ਨੋਟੀਫਿਕੇਸ਼ਨ ਦਾ ਵਿਰੋਧ ਕਰਦਾ ਹੈ ਕਿਉਂਕ ਜੇਕਰ ਇਹ ਨੋਟੀਫਿਕੇਸ਼ਨ ਲਾਗੂ ਹੋ ਜਾਂਦਾ ਹੈ ਤਾਂ ਬਿਜਲੀ ਦੀ ਵੰਡ ਪ੍ਰਣਾਲੀ ਪ੍ਰਰਾਈਵੇਟ ਹੱਥਾਂ ਵਿਚ ਚਲੇ ਜਾਣ ਨਾਲ ਜਿੱਥੇ ਬੇਰੁਜ਼ਗਾਰੀ ਵਿਚ ਹੋਰ ਵਾਧਾ ਹੋਵੇਗਾ, ਉਥੇ ਹੀ ਲੋਕਾਂ ਨੁੰ ਮਹਿੰਗੀ ਬਿਜਲੀ ਖਰੀਦਣ ਲਈ ਮਜਬੂਰ ਹੋਣਾ ਪਵੇਗਾ। ਜਥੇਬੰਦੀ ਇਸ ਨੋਟੀਫਿਕੇਸ਼ਨ ਦਾ ਜੋਰਦਾਰ ਵਿਰੋਧ ਕਰਦੇ ਹੋਏ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਨੋਟੀਫਿਕੇਸ਼ਨ ਨੂੰ ਤੁਰੰਤ ਵਾਪਿਸ ਲਿਆ ਜਾਵੇ, ਨਹੀਂ ਤਾਂ ਪਾਵਰਕਾਮ/ਟਰਾਂਸਕੋ ਦੀਆਂ ਸਮੂਹ ਮੁਲਾਜਮ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰਨ ਨੂੰ ਮਜਬੂਰ ਹੋਣਾ ਪਵੇਗਾ। ਇਸ ਮੌਕੇ ਕੁਲਦੀਪ ਸਿੰਘ ਮਿਨਹਾਸ, ਬਲਵਿੰਦਰ ਸਿੰਘ, ਰਾਜ ਕੁਮਾਰ ਕੋਹਲੀ, ਸੁਰਿੰਦਰਪਾਲ ਸਿੰਘ, ਰਣਜੀਤ ਸਿੰਘ, ਅਮਰਜੀਤ ਸਿੰਘ, ਸੁਰਜੀਤ ਸਿੰਘ, ਰਾਮ ਸੰਜੀਵਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਥਰਮਲ ਕਾਮੇ ਹਾਜਰ ਸਨ।