ਸਟਾਫ ਰਿਪੋਰਟਰ, ਰੂਪਨਗਰ : ਨੇਤਾ ਜੀ ਮਾਡਲ ਸਕੂਲ, ਨੇਤਾ ਜੀ ਸੁਭਾਸ਼ ਚੰਦਰ ਕ੍ਰਾਂਤੀ ਮੰਚ ਅਤੇ ਆਲ ਇੰਡੀਆ ਫਾਰਵਰਡ ਬਲਾਕ ਦੇ ਮੈਂਬਰਾਂ ਨੇ ਨੇਤਾ ਜੀ ਆਜ਼ਾਦ ਹਿੰਦ ਸਰਕਾਰ ਦੇ ਝੰਡੇ ਲੈ ਕੇ ਨੇਤਾ ਜੀ ਦੀਆਂ ਤਸਵੀਰਾਂ ਚੁੱਕ ਕੇ ਅਤੇ ਨੇਤਾ ਜੀ ਦੇ ਸ਼ਬਦਾਂ ਵਾਲੇ ਬੈਨਰਜ਼ ਲੈ ਕੇ ਰੈਲੀ ਕੱਢੀ। ਇਸ ਰੈਲੀ ਨੂੰ ਸੰਬੋਧਿਤ ਕਰਦੇ ਹੋਏ, ਆਲ ਇੰਡੀਆ ਫਾਰਵਰਡ ਬਲਾਕ ਦੇ ਰਾਸ਼ਟਰੀ ਸਕੱਤਰ ਅਤੇ ਨੇਤਾ ਜੀ ਮਾਡਲ ਸਕੂਲ ਦੇ ਨਿਰਦੇਸ਼ਕ ਵੀਪੀ ਸੈਣੀ ਨੇ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਆਪਣੀ ਆਜ਼ਾਦ ਹਿੰਦ ਫੌਜ ਦੇ ਨਾਲ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਅਫਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਸੁਤੰਤਰ ਭਾਰਤ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੁੂੰ ਉਹ ਸਥਾਨ ਅਤੇ ਸਨਮਾਨ ਨਹੀਂ ਮਿਲਿਆ, ਜੋ ਮਿਲਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਨੇਤਾ ਜੀ ਦੁਆਰਾ ਦੱਸੇ ਗਏ ਰਾਸ਼ਟਰਵਾਦ, ਸਮਾਜਵਾਦ, ਆਤਮ-ਬਲੀਦਾਨ, ਏਕਤਾ ਅਤੇ ਵਿਸ਼ਵਾਸ ਦੇ ਸਿਧਾਂਤਾਂ 'ਤੇ ਚੱਲ ਕੇ ਹੀ ਰਾਸ਼ਟਰ ਦੀ ਸਮੱਸਿਆ ਦਾ ਹੱਲ ਕੱਿਢਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੇਤਾ ਜੀ ਦਾ ਜੀਵਨ ਅਤੇ ਆਜ਼ਾਦ ਹਿੰਦ ਫੌਜ ਦੀ ਕੁਰਬਾਨੀ ਦੀਆਂ ਕਹਾਣੀਆਂ ਅੱਜ ਦੇ ਨੌਜਵਾਨ ਵਰਗ ਨੂੰ ਸਹੀ ਦਿਸ਼ਾ ਦਿਖਾ ਸਕਦੀਆਂ ਹਨ। ਅੱਜ ਦੀ ਰੈਲੀ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਜਿੰਦਾਬਾਦ, ਜਦੋਂ ਤੱਕ ਸੂਰਜ ਚਾਂਦ ਰਹੇਗਾ ਨੇਤਾ ਜੀ ਦਾ ਨਾਮ ਰਹੇਗਾ, ਭਾਰਤ ਮਾਤਾ ਦੀ ਜੈ ਆਦਿ ਦੇ ਨਾਅਰੇ ਲਗਾਏ ਗਏ। ਅੱਜ ਦੀ ਰੈਲੀ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਦਾ ਲੋਕਾਂ ਨੂੰ ਯਾਦ ਕਰਵਾਇਆ ਗਿਆ ਅਤੇ ਨੇਤਾ ਜੀ ਦੇ ਸੰਦੇਸ਼ ਪਹੁੰਚਾਏ ਗਏ।