ਪੱਤਰ ਪ੍ਰਰੇਰਕ, ਚਮਕੌਰ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਮਕੌਰ ਸਾਹਿਬ ਦੇ ਪੁਰਾਣੇ ਵਿਦਿਆਰਥੀ ਮਨਜੀਤ ਸਿੰਘ ਪੁੱਤਰ ਤਲਵਿੰਦਰ ਸਿੰਘ ਨੂੰ ਖ਼ਾਸ ਤੌਰ 'ਤੇ ਬੁਲਾ ਕੇ ਸਕੂਲ ਦੀ ਸਭਾ ਦੌਰਾਨ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕ ਰਾਣਾ ਓਮਬੀਰ ਸਿੰਘ ਨੇ ਦੱਸਿਆ ਕਿ ਇਹ ਵਿਦਿਆਰਥੀ ਇਸੇ ਸਕੂਲ ਤੋਂ ਬਾਰ੍ਹਵੀਂ ਸਾਇੰਸ ਗਰੁੱਪ ਵਿੱਚ ਪਾਸ ਕੀਤੀ ਸੀ। ਇਸ ਤੋਂ ਬਾਅਦ ਇਸ ਨੇ ਬੀਐੱਸਸੀ (ਸਾਇੰਸ) ਗੌਰਮਿੰਟ ਕਾਲਜ ਰੋਪੜ ਤੋਂ ਪਾਸ ਕੀਤੀ ਅਤੇ ਫਿਰ ਐੱਮ.ਐੱਸਸੀ (ਸਪੋਰਟਸ ਸਾਇੰਸ) ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਦਾਖ਼ਲਾ ਲਿਆ ਅਤੇ ਉੱਥੇ ਆਪਣੀ ਮਿਹਨਤ ਤੇ ਲਗਨ ਸਦਕਾ 81.7 ਫ਼ੀਸਦੀ ਨੰਬਰ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚੋਂ ਦੂਜਾ ਸਥਾਨ ਹਾਸਲ ਕੀਤਾ ਜੋ ਕਿ ਇਸ ਸਕੂਲ ਲਈ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਮਨਜੀਤ ਸਿੰਘ ਉਸ ਦੇ ਪਰਿਵਾਰ ਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਹੋਣਹਾਰ ਵਿਦਿਆਰਥੀ ਨੂੰ ਇਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਦੀਪ ਕੌਰ, ਮੈਡਮ ਜਸਵੀਰ ਕੌਰ, ਸੁਰਿੰਦਰਪਾਲ ਸਿੰਘ, ਰਾਜਿੰਦਰ ਸਿੰਘ, ਜਗਦੀਪ ਸਿੰਘ ਅਤੇ ਤਲਵਿੰਦਰ ਸਿੰਘ ਆਦਿ ਹਾਜ਼ਰ ਸਨ।