ਸਰਬਜੀਤ ਸਿੰਘ, ਰੂਪਨਗਰ : ਪੰਜਾਬ ਸਰਕਾਰ ਦਿਵਿਆਂਗਾਂ ਦੀ ਭਲਾਈ ਲਈ ਵਚਨਬੱਧ ਹੈ। ਰਾਜ ਸਰਕਾਰ ਵੱਲੋਂ ਜਿੱਥੇ ਸਰਕਾਰੀ ਨੌਕਰੀਆਂ ਅਤੇ ਤਰੱਕੀ ਵਿੱਚ ਰਾਖਵਾਂਕਰਨ 3 ਫ਼ੀਸਦੀ ਤੋਂ ਵਧਾ ਕੇ 4 ਫ਼ੀਸਦੀ ਕੀਤਾ ਗਿਆ ਹੈ, ਉੱਥੇ 31 ਦਸੰਬਰ 2019 ਤਕ ਵਿਲੱਖਣ ਪਛਾਣ ਪੱਤਰ ਦੇ ਕੰਮ ਨੂੰ ਮੁਕੰਮਲ ਕਰ ਕੇ ਦਿਵਿਆਂਗ ਵਿਅਕਤੀਆਂ ਦਾ ਡਾਟਾ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਸਰਕਾਰ ਵੱਲੋਂ ਇਨ੍ਹਾਂ ਲਈ ਹੋਰ ਭਲਾਈ ਦੀਆਂ ਸਕੀਮਾਂ ਰਾਹੀਂ ਸਹਾਇਤਾ ਕੀਤੀ ਜਾ ਸਕੇ।

ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਡ੍ਰੀਮ ਡੈਸਟੀਨੇਸ਼ਨ ਪੈਲੇਸ ਰੂਪਨਗਰ ਵਿਖੇ ਕਰਵਾਏ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਮੌਕੇ ਹੋਏ ਰਾਜ ਪੱਧਰੀ ਸਮਾਗਮ ਮੌਕੇ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰੈੱਡ ਕਰਾਸ ਸਪੈਸ਼ਲ ਸਕੂਲ ਫ਼ਰੀਦਕੋਟ, ਅੰਗਹੀਣਾਂ ਦੀ ਸਰਕਾਰੀ ਸੰਸਥਾਂ ਸ਼ਿਮਲਾਪੁਰੀ ਲੁਧਿਆਣਾ, ਪੰਜਾਬ ਬੱਧਿਰ ਵਿਦਿਆਲਾ ਸ਼ਾਮਪੁਰਾ ਰੂਪਨਗਰ, ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਵੱਲੋਂ ਲਾਈ ਗਈ ਪ੍ਰਦਸ਼ਨੀ ਦਾ ਦੌਰਾ ਵੀ ਕੀਤਾ ਅਤੇ ਦਿਵਿਆਂਗ ਬੱਚਿਆਂ ਵੱਲੋਂ ਬਣਾਈਆਂ ਸੁੰਦਰ ਵਸਤੂਆਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਵੀ ਮੌਜੂਦ ਸਨ। ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 50 ਪ੍ਰਤੀਸ਼ਤ ਦਿਵਿਆਂਗ ਵਿਅਕਤੀਆਂ ਨੂੰ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸ ਵਿੱਤੀ ਸਹਾਇਤਾ ਸਕੀਮ ਅਧੀਨ ਸਾਲ 2019-20 ਲਈ 96.49 ਕਰੋੜ ਰੁਪਏ ਦੀ ਬਜਟ ਵਿਵਸਥਾ ਅਤੇ ਇਸ ਸਮੇਂ 186112 ਲਾਭਪਾਤਰੀ ਲਾਭ ਉਠਾ ਰਹੇ ਹਨ।

ਸਰਕਾਰੀ ਬੱਸਾਂ ਵਿੱਚ ਨੇਤਰਹੀਣ ਵਿਅਕਤੀਆਂ ਨੂੰ ਮੁਫ਼ਤ ਸਫ਼ਰ ਅਤੇ ਦਿਵਿਆਂਗਜਨ ਵਿਅਕਤੀਆਂ ਨੂੰ ਅੱਧੇ ਕਿਰਾਏ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦਿਵਿਆਂਗਾਂ ਨੂੰ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। 18 ਸਾਲ ਤੋਂ ਛੋਟੇ ਬੱਚਿਆਂ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਪੜ੍ਹਾਈ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਮੋਹਾਲੀ ਵਿਖੇ ਕੇਂਦਰ ਸਰਕਾਰ ਨਾਲ ਮਿਲ ਕੇ ਸਪੋਰਟਸ ਸੈਂਟਰ ਬਣਾਇਆ ਜਾ ਰਿਹਾ ਹੈ ਤਾਂ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖਿਡਾਰੀਆਂ ਨੂੰ ਖੇਡ ਸਹੂਲਤਾਂ ਮਿਲ ਸਕਣ।

ਇਨ੍ਹਾਂ ਵਿਅਕਤੀਆਂ ਨੂੰ ਮਿਲੇ ਸਟੇਟ ਐਵਾਰਡ

ਮੰਤਰੀ ਅਰੁਣਾ ਚੌਧਰੀ ਨੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਉਪਲੱਬਧੀਆਂ ਹਾਸਲ ਕਰਨ ਵਾਲੇ 12 ਦਿਵਿਆਂਗਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਵੀ ਕੀਤਾ। ਇਨ੍ਹਾਂ ਵਿੱਚ ਮੁਹੰਮਦ ਰਿਜ਼ਵਾਨ ਮਾਲੇਰਕੋਟਲਾ, ਸੁਰਿੰਦਰ ਕੁਮਾਰ ਜਲਾਲਾਬਾਦ, ਮਨਮੀਤ ਕੌਰ ਘੁੰਮਣ ਪਟਿਆਲਾ, ਮਲਕੀਤ ਕੌਰ ਮਾਨਸਾ, ਰਮਨਦੀਪ ਕੌਰ ਰੋਪੜ, ਗੁਰਸੇਵਕ ਸਿੰਘ ਮੋਗਾ, ਅਜੈ ਸਿੰਘ ਜਲੰਧਰ , ਡਾ. ਵਿਸ਼ਾਲ ਗੋਇਲ ਪਟਿਆਲਾ, ਰਾਜੀਵ ਕੁਮਾਰ ਲੁਧਿਆਣਾ, ਆਸ਼ਾਦੀਪ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ, ਪਲਕ ਕੋਹਲੀ ਜਲੰਧਰ, ਮਨਦੀਪ ਸਿੰਘ ਫਾਜ਼ਿਲਕਾ ਸ਼ਾਮਲ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਦਿਵਸ 'ਤੇ ਕੇਂਦਰ ਸਰਕਾਰ ਵੱਲੋਂ ਸਾਲ 2019 ਦੌਰਾਨ ਪੰਜਾਬ ਰਾਜ ਦੇ 3 ਨਾਗਰਿਕਾਂ ਨੂੰ ਨੈਸ਼ਨਲ ਐਵਾਰਡ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਮੰਗਲ ਸਿੰਘ (ਕਪੂਰਥਲਾ), ਯਸ਼ਵੀਰ ਗੋਇਲ (ਬਠਿੰਡਾ) ਅਤੇ ਮੋਨਿਕਾ ਹਾਂਡਾ (ਜਲੰਧਰ) ਸ਼ਾਮਲ ਹਨ। ਇਸ ਮੌਕੇ ਪ੍ਰਮੁੱਖ ਸਕੱਤਰ ਹਾਜੀ.ਪੀ ਸ਼੍ਰੀਵਾਸਤਵਾ, ਐਡੀਸ਼ਨਲ ਸੈਕਟਰੀ ਕਮ ਐਡੀਸ਼ਨਲ ਡਾਇਰੈਕਟਰ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਦੀਪ ਸ਼ਿਖਾ, ਸਿਵਲ ਸਰਜਨ ਐੱਚਐੱਨ ਸ਼ਰਮਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅ੍ਮਿਤ ਬਾਲਾ ਆਦਿ ਹਾਜ਼ਰ ਸਨ।