ਬਲਵਿੰਦਰ ਸਿੰਘ, ਰਾਹੋਂ : ਮੁਹੱਲਾ ਮਕਬਰਾ ਵਿਖੇ ਪੁੱਤ ਨੇ ਆਪਣੇ ਬਜ਼ੁਰਗ ਪਿਓ ਨੂੰ ਲੱਕੜੀ ਦੇ ਸੋਟੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਸਬੰਧੀ ਪਰਮਜੀਤ ਪੁੱਤਰ ਸਵ.ਰਾਮ ਕਿਸ਼ਨ ਵਾਸੀ ਮੁਹੱਲਾ ਮਕਬਰਾ ਰਾਹੋਂ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਬੀਤੇ ਦਿਨ ਉਹ ਆਪਣੇ ਭਰਾ ਕੁਲਦੀਪ ਲਾਲ ਦੇ ਬੱਚਿਆਂ ਨੂੰ ਸਕੂਲੋਂ ਲੈ ਕੇ ਸ਼ਾਮ ਕਰੀਬ 3 ਵਜੇ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਕਿ ਉਸ ਦਾ ਭਰਾ ਪ੍ਰਸ਼ੋਤਮ ਦਾਸ ਅੰਦਰੋਂ ਭੱਜ ਕੇ ਬਾਹਰ ਨੂੰ ਆਇਆ। ਉਸ ਦੇ ਹੱਥ ਵਿਚ ਸੋਟਾ ਫੜਿਆ ਹੋਇਆ ਸੀ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੇ ਪਿਤਾ ਦਾ ਮੂੰਹ ਸਿਰ ਬੁਰੀ ਤਰ੍ਹਾਂ ਲਹੂ ਲਹਾਨ ਅਤੇ ਫਿਸਿਆ ਹੋਇਆ ਸੀ ਅਤੇ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਪਰਮਜੀਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਰਾ ਪ੍ਰਸ਼ੋਤਮ ਦਾਸ ਨਸ਼ੇ ਦਾ ਆਦੀ ਹੈ ਅਤੇ ਪਹਿਲਾਂ ਵੀ ਕਈ ਵਾਰ ਨਸ਼ਾ ਕਰਨ ਲਈ ਪੈਸਿਆਂ ਦੀ ਮੰਗ ਨੂੰ ਲੈ ਕੇ ਪਿਤਾ ਨਾਲ ਲੜਦਾ ਰਹਿੰਦਾ ਸੀ। ਪਰਮਜੀਤ ਦੇ ਬਿਆਨ ਦੇ ਅਧਾਰ 'ਤੇ ਪੁਲਿਸ ਵੱਲੋਂ ਉਕਤ ਮੁਲਜ਼ਮ ਪ੍ਰਸ਼ੋਤਮ ਦਾਸ ਦੇ ਖਿਲਾਫ਼ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਅਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।