ਜਗਤਾਰ ਮਹਿੰਦੀਪੁਰੀਆ, ਬਲਾਚੌਰ : ਪਿੰਡ ਖਾਨਪੁਰ ਕੁੱਲੇਵਾਲ ਦੇ ਵਸਨੀਕ ਕੈਪਟਨ ਰਘੁਵੀਰ ਸਿੰਘ ਦੀ ਸੇਵਾ ਮੁਕਤੀ ਉਪਰੰਤ ਉਹਨਾਂ ਦੇ ਗ੍ਹਿ ਵਿਖੇ ਰੱਖੇ ਸਮਾਗਮ 'ਚ ਲੋਕ ਇਨਸਾਫ ਪਾਰਟੀ ਦੇ ਲੁਧਿਆਣਾ ਤੋਂ ਹਲਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਸ਼ਿਰਕਤ ਕੀਤੀ ਗਈ। ਜਿਨ੍ਹਾਂ ਨਾਲ ਹਰਪ੍ਰਭ ਮਹਿਲ ਜ਼ਿਲਾ ਪ੍ਰਧਾਨ ਲੋਕ ਇਨਸਾਫ ਪਾਰਟੀ ਅਤੇ ਮਨਜੀਤ ਸਿੰਘ ਬੇਦੀ ਐਸਸੀ ਵਿੰਗ ਜ਼ਿਲ੍ਹਾ ਪ੍ਰਧਾਨ ਵੀ ਸਨ।

ਇਸ ਮੌਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੇਵਾ ਮੁਕਤ ਕੈਪਟਨ ਰਘੁਵੀਰ ਸਿੰਘ ਦੀ ਸੇਵਾ ਮੁਕਤੀ 'ਤੇ ਵਧਾਈ ਦਿੰਦਿਆਂ ਗੱਲਬਾਤ ਕਿਹਾ ਕਿ ਕੈਪਟਨ ਰਘੁਵੀਰ ਸਿੰਘ ਵੱਲੋਂ ਲੰਮਾ ਸਮਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ 'ਚ ਆਪਣੀ ਵੱਡੀ ਭਾਗੀਦਾਰੀ ਨਿਭਾਈ ਹੈ । ਉਹਨਾਂ ਕਿਹਾ ਕਿ ਅੱਜ ਅਸੀਂ ਜੋ ਅਜ਼ਾਦੀ ਦਾ ਨਿੱਘ ਮਾਨਦੇ ਹਾਂ ਉਹ ਅਜਿਹੇ ਹੀ ਬਹਾਦਰ ਫ਼ੌਜੀ ਜਵਾਨਾਂ ਦੀ ਬਦੌਲਤ ਹੈ। ਪੰਜਾਬ ਦੇ ਹਾਲਤਾਂ ਬਾਰੇ ਪੁੱਛੇ ਸਵਾਲਾ ਦਾ ਜਵਾਬ ਦਿੰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਦੇ ਹਾਲਤ ਬਹੁਤ ਹੀ ਨਾਜ਼ੁਕ ਬਣ ਚੁੱਕੇ ਹਨ। ਦਫਤਰਾਂ 'ਚ ਰਿਸ਼ਵਤ ਦਾ ਬੋਲਬਾਲਾ ਹੈ । ਸੂਬਾ ਸਰਕਾਰ ਵਜ਼ਾਰਤ 'ਚ ਹੁਣ ਲੋਟੂ ਲੋਕਾਂ ਟੋਲਾ ਬਣ ਕੇ ਰਹਿ ਗਈ । ਹਰ ਪਾਸੇ ਮਾਫ਼ੀਆ ਦੀ ਲੁੱਟ ਖਸੁੱਟ ਹੋ ਰਹੀ ਹੈ । ਉਹਨਾਂ ਆਖਿਆ ਕਿ ਬਾਦਲਾਂ ਦੇ ਵੇਲੇ ਵੀ ਮਾਈਨਿੰਗ ਜ਼ੋਰਾਂ 'ਤੇ ਸੀ ਅਤੇ ਹੁਣ ਵੀ ਜਿਉਂ ਦੀ ਤਿਉਂ ਹੈ। ਮਾਈਨਿੰਗ ਮਾਫ਼ੀਆ ਦੀ ਸਰਕਾਰ ਨਾਲ ਅਤੇ ਉਨ੍ਹਾਂ ਦੇ ਵਿਧਾਇਕਾ ਨਾਲ ਮਿਲੀ ਭੁਗਤ ਹੈ। ਬਾਦਲ ਅਤੇ ਕੈਪਟਨ ਆਪਸ 'ਚ ਇਕ ਸੁਰ ਹਨ । ਖਾਲੀ ਖਜ਼ਾਨੇ ਬਾਰੇ ਦੱਸਦਿਆ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲੋਂ ਵੀ ਮੁੱਖ ਮੰਤਰੀ ਰਹੇ ਹਨ ਜਿਹਨਾਂ ਨੇ ਇਹ ਸੱਤਾ ਪ੍ਰਰਾਪਤ ਕਰਨ ਲਈ ਕਿਸਾਨਾਂ, ਦਲਿਤਾਂ, ਖੇਤ ਮਜਦੂਰਾਂ, ਬੇਰੁਜਗਾਰਾਂ, ਵਿਧਵਾਂ ਤੋਂ ਇਲਾਵਾ ਹਰ ਵਰਗ ਨਾਲ ਵੋਟਾਂ ਲੈਣ ਲਈ ਝੂਠ ਬੋਲਿਆ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਮਨਪ੍ਰਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ 'ਤੇ ਸਿੱਧਾ ਨਿਸ਼ਾਨਾ ਲਗਾਉਂਦਿਆ ਕਿਹਾ ਕਿ ਸੂਬਾ ਸਰਕਾਰ ਨ ਸਰਕਾਰੀ ਜ਼ਮੀਨਾਂ ਨੂੰ ਵੇਚਣ ਲੱਗੀ ਹੈ। ਪੰਜਾਬ ਸਰਕਾਰ ਦੀ ਇਕ ਮਿਸਾਲ ਦਿੰਦਿਆ ਉਨ੍ਹਾਂ ਕਿਹਾ ਕਿ ਜਿਹੜਾ ਚੰਗਾ ਮਿਹਨਤੀ ਪੁੱਤ ਹੁੰਦਾ ਹੈ ਉਹ ਆਪਣੀ ਵਿਰਾਸਤੀ ਜਮੀਨ ਨੂੰ ਵਧਾਉਂਦਾ ਹੈ ਅਤੇ ਨਖੱਟੂ ਪੁੱਤ ਬਣੀ ਬਣਾਈ ਵਿਰਾਸਤੀ ਜਾਇਦਾਦ ਨੂੰ ਵੇਚ ਵੱਟ ਖਾ ਜਾਂਦਾ ਹੈ ਪੰਜਾਬ 'ਚ ਹੁਣ ਇਹੀ ਹਾਲ ਹੈ।

ਇਸ ਮੌਕੇ ਜ਼ਿਲਾ ਪ੍ਰਧਾਨ ਹਰਪ੍ਰਭ ਸਿੰਘ ਮਾਹਲ, ਮਨਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਮਹੰਤ ਗੜੀ, ਪੁਸ਼ਪਿੰਦਰ ਪੰਚ ਪੋਜੇਵਾਲ, ਲੋਕ ਇੰਨਸਾਫ ਪਾਰਟੀ ਦੇ ਐਕਸ ਸਰਵਿਸਮੈਨ ਸੈਨਿਕ ਵਿੰਗ ਦੇ ਕਰਨਲ ਅਵਤਾਰ ਸਿੰਘ ਹੀਰਾ, ਕੈਪਟਨ ਸੰਤੋਖ ਸਿੰਘ, ਸਰਵਣ ਸਿੰਘ, ਚੈਨ ਸਿੰਘ, ਕਿਸ਼ਨ ਸਿੰਘ, ਮਹਿੰਦਰ ਸਿੰਘ, ਸੁਰਜੀਤ ਸਿੰਘ, ਬਲਿਹਾਰ ਸਿਘ ਬਛੌੜੀ, ਮਾ. ਸੁਲੱਖਣ ਸਿੰਘ ਬਛੌੜੀ, ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।