ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਸਬੰਧੀ ਬੁੱਧਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਬੀਬੀ ਜਗੀਰ ਕੌਰ (Bibi Jagir Kaur) ਤਖ਼ਤ ਸਾਹਿਬ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਵਾਪਰੀ ਘਟਨਾ ਦਾ ਜਾਇਜ਼ਾ ਲਿਆ। ਇਸ ਸਮੇਂ ਬੀਬੀ ਜਗੀਰ ਕੌਰ ਸਖ਼ਤ ਸੁਰੱਖਿਆ ਦੇ ਘੇਰੇ 'ਚ ਸਨ ਜਿੱਥੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਸਿੰਘ ਸਨ ਉੱਥੇ ਹੀ ਏਆਰਪੀ ਅਤੇ ਪੰਜਾਬ ਪੁਲਿਸ ਦੇ ਜਵਾਨ ਵੀ ਭਾਰੀ ਗਿਣਤੀ 'ਚ ਤਾਇਨਾਤ ਸਨ। ਬਾਅਦ 'ਚ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਬੀਤੇ ਲੰਮੇ ਸਮੇ ਤੋਂ ਪਿੰਡਾਂ ਦੇ ਗੁਰੂ ਘਰਾਂ 'ਚ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਹੁਣ ਹੱਦ ਇਥੋਂ ਤੱਕ ਹੋ ਗਈ ਕਿ ਇਹ ਘਟਨਾਵਾਂ ਤਖ਼ਤ ਸਾਹਿਬਾਨ ਤਕ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਬਹੁਤੀਆਂ ਘਟਨਾਵਾਂ ਸਿੱਖ ਵਿਰੋਧੀ ਇਜੰਸੀਆਂ ਵਲੋਂ ਕਰਵਾਈਆਂ ਜਾ ਰਹੀਆਂ ਹਨ ਜਿਸ ਨਾਲ ਸਮੁੱਚੇ ਸਿੱਖ ਜਗਤ ਵਿਚ ਰੋਸ ਦੀ ਭਾਵਨਾ ਫੈਲ ਰਹੀ ਹੈ।

ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਿੱਖ ਧਾਰਮਿਕ ਅਸਥਾਨਾਂ ਵਿਚ ਕਿਸੇ ਦੀ ਕੋਈ ਤਲਾਸ਼ੀ ਨਹੀ ਲਈ ਜਾਂਦੀ ਤੇ ਨਾ ਹੀ ਕਿਸੇ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਦਾ ਸੱਚ ਸਾਹਮਣੇ ਲਿਆਉਣਾ ਸਰਕਾਰ ਦਾ ਫਰਜ਼ ਹੈ ਪਰ ਅਫਸੋਸ ਸਰਕਾਰ ਅਜਿਹਾ ਨਾ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕਰ ਰਹੀ ਹੈ ਜਿਸ ਨਾਲ ਸਿੱਖਾਂ ਦੇ ਜ਼ਖ਼ਮ ਹੋਰ ਗਹਿਰੇ ਹੋ ਰਹੇ ਹਨ। ਉਨ੍ਹਾਂ ਕਿਹਾ ਹੁਣ ਤਕ ਦੀ ਹੋਈ ਤਫ਼ਤੀਸ਼ ਮੁਤਾਬਿਕ ਇਸ ਘਟਨਾ ਦੇ ਤਾਰ ਸਿਰਸਾ ਸਾਧ ਨਾਲ ਜੁੜੇ ਹਨ। ਇਸ ਦੋਸ਼ੀ ਦੇ ਮਾਂ-ਬਾਪ ਸਿਰਸਾ ਸਾਧ ਨਾਲ ਸਬੰਧਿਤ ਹਨ, ਇਸ ਦਾ ਪਿਤਾ ਡੇਰੇ ਦੀ 7 ਮੈਂਬਰੀ ਕਮੇਟੀ ਦਾ ਮੈੇਂਬਰ ਹੈ, ਮੁਲਜ਼ਮ ਦਾ ਵਿਆਹ ਡੇਰਾ ਪ੍ਰੇਮੀ ਪੀਐਚਡੀ ਲੜਕੀ ਨਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤੋਂ ਅੱਗੇ ਕਾਰਵਾਈ ਕਰੇ ਤੇ ਇਸ ਦੇ ਪਿੱਛੇ ਦਾ ਸੱਚ ਸਾਹਮਣੇ ਲਿਆਵੇ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਵਿਰੋਧੀ ਇਜੰਸੀਆਂ ਬੇਅਦਬੀ ਦੀਆਂ ਘਟਨਾਵਾਂ ਕਰਵਾ ਕੇ ਸਿੱਖਾਂ ਨੂੰ ਆਪਸ ਵਿਚ ਲੜਾਉਣਾ ਚਾਹੁੰਦੀਆਂ ਹਨ ਤੇ ਅਸੀਂ ਸਰਕਾਰ ਨੂੰ ਖਬਰਦਾਰ ਕਰਦੇ ਹਾਂ ਕਿ ਅਜਿਹੀ ਖੇਡ ਨਾ ਖੇਡੀ ਜਾਵੇ ਜਿਸ ਕਰਕੇ ਸਮੁੱਚੇ ਪੰਜਾਬ ਨੂੰ ਗੰਭੀਰ ਸਿੱਟੇ ਭੁਗਤਣੇ ਪੈਣ। ਉਨ੍ਹਾਂ ਕਿਹਾ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜੋ ਵੀ ਵਿਅਕਤੀ ਬੇਅਦਬੀ ਦਾ ਦੋਸ਼ੀ ਹੈ ਉਸ ਨੂੰ ਪਾਗਲ ਜਾਂ ਮਾਨਸਿਕ ਪਰੇਸ਼ਾਨ ਕਹਿ ਕੇ ਪੱਲਾ ਛੁਡਾ ਲਿਆ ਜਾਂਦਾ ਹੈ ਪਰ ਕੀ ਅਜਿਹੇ ਪਾਗਲਾਂ ਨੂੰ ਕੇਵਲ ਗੁਰੂ ਘਰ ਹੀ ਦਿਖਾਈ ਦਿੰਦਾ ਹੈ?

ਇਕ ਸਵਾਲ ਦੇ ਜਵਾਬ 'ਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਈ ਵੀ ਜੱਥੇਬੰਦੀ ਜਾਂ ਸ਼ਖ਼ਸ ਸੰਗਤ ਦੀ ਸ਼ਰਧਾ ਨੂੰ ਠੇਸ ਨਾ ਪਹੁੰਚਾਏ, ਗੁਰੂ ਘਰ ਦੀ ਬਦਨਾਮੀ ਨਾ ਕਰਾਉਣ ਤੇ ਪ੍ਰਸ਼ਾਸਨ 'ਤੇ ਇਹ ਜ਼ੋਰ ਪਾਇਆ ਜਾਵੇ ਕਿ ਉਹ ਇਨ੍ਹਾਂ ਘਟਨਾਵਾਂ ਦੇ ਪਿੱਛੇ ਕੰਮ ਕਰ ਰਹੀਆਂ ਏਜੰਸੀਆਂ ਨੂੰ ਸਾਹਮਣੇ ਲਿਆਵੇ। ਇਸ ਮੌਕੇ ਉਨ੍ਹਾਂ ਦੇ ਨਾਲ ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਜੱਸੋਵਾਲ, ਭੁਪਿੰਦਰ ਸਿੰਘ ਭਲਵਾਨ, ਸਤਵਿੰਦਰ ਸਿੰਘ ਟੋਹੜਾ ਚਾਰੇ ਅਤ੍ਰਿੰਗ ਕਮੇਟੀ ਮੈਂਬਰ, ਭਾਈ ਅਮਰਜੀਤ ਸਿੰਘ ਚਾਵਲਾ, ਦਲਜੀਤ ਸਿੰਘ ਭਿੰਡਰ, ਪਰਮਜੀਤ ਸਿੰਘ ਲੱਖੇਵਾਲ, ਬਾਬਾ ਬੂਟਾ ਸਿੰਘ, ਹਰਦੇਵ ਸਿੰਘ ਭੂਰਾ ਕੋਨਾ, ਮੈਨੇਜਰ ਮਲਕੀਤ ਸਿੰਘ, ਐਡੀਸ਼ਨਲ ਮੈਨੇਜਰ ਹਰਦੇਵ ਸਿੰਘ ਆਦਿ ਹਾਜ਼ਰ ਸਨ।

Posted By: Seema Anand