ਸੁਰਿੰਦਰ ਸਿੰਘ ਸੋਨੀ, ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਆਨੰਦਪੁਰ ਸਾਹਿਬ ਦੇ ਐੱਸਡੀਐੱਮ ਮੁਨੀਸ਼ਾ ਰਾਣਾ ਦੇ ਖ਼ਿਲਾਫ਼ ਸਫ਼ਾਈ ਸੇਵਕਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੇ ਬਾਹਰ ਦਿੱਤੇ ਗਏ ਇਸ ਧਰਨੇ ਦੌਰਾਨ ਸਫਾਈ ਸੇਵਕਾਂ ਨੇ ਐੱਸਡੀਐੱਮ ਮਨੀਸ਼ਾ ਰਾਣਾ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਫ਼ਾਈ ਸੇਵਕਾ ਪਰਮਜੀਤ ਸੋਨੂੰ, ਰੋਹਿਤ, ਹਰੀਸ਼, ਸਤੀਸ਼ ਫ਼ੌਜੀ, ਜੈਮਲ ਸਿੰਘ, ਅਮਨ, ਅਕਸ਼ੇ, ਸੰਜੀਵ ਕੁਮਾਰ, ਸੰਦੀਪ ਕੁਮਾਰ, ਓਮ ਪ੍ਰਕਾਸ਼ ਬਾਲੀ ,ਤੇਲੂ ਰਾਮ, ਗੁਰਮੁਖ ਸਿੰਘ, ਕੁਲਵੰਤ ਸਿੰਘ ਆਦਿ ਨੇ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਗੁਰੂ ਨਗਰੀ ਦੀ ਸਫ਼ਾਈ ਲਈ ਆਪਣੀ ਜ਼ਿੰਦਗੀ ਲਗਾ ਦਿੱਤੀ ਹੈ। ਰੋਜ਼ਾਨਾ ਸਵੇਰ ਤੋਂ ਲੈ ਕੇ ਰਾਤ ਤਕ ਅਸੀਂ ਸੇਵਾ ਵਿੱਚ ਹਾਜ਼ਰ ਹੁੰਦੇ ਹਾਂ। ਪਿਛਲੇ ਦਿਨੀਂ ਭਾਰੀ ਬਾਰਿਸ਼ ਆਈ ਤਾਂ ਐੱਸਡੀਐੱਮ ਮਨੀਸ਼ਾ ਰਾਣਾ ਵੱਲੋਂ ਹੁਕਮ ਚਾੜ੍ਹੇ ਗਏ ਅਤੇ ਅਸੀਂ ਸਵੇਰੇ ਚਾਰ ਵਜੇ ਦੇ ਕੰਮ ਵਿੱਚ ਰੁੱਝ ਗਏ। ਹੁਣ ਆਜ਼ਾਦੀ ਦਿਵਸ ਮੌਕੇ ਪਿਛਲੇ ਪੰਦਰਾਂ ਦਿਨਾਂ ਤੋਂ ਸਵੇਰੇ ਚਾਰ ਵਜੇ ਤੋਂ ਲੈ ਕੇ ਸਾਰਾ ਦਿਨ ਇਸ ਸਮਾਰੋਹ ਦੀ ਤਿਆਰੀ ਵਿਚ ਕੰਮ ਕਰਦੇ ਰਹੇ ਪਰ ਉਸ ਸਮੇਂ ਸਾਨੂੰ ਬਹੁਤ ਜ਼ਿਆਦਾ ਅਫ਼ਸੋਸ ਹੋਇਆ ਕਿ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਂਦਿਆਂ ਆਜ਼ਾਦੀ ਦਿਹਾੜੇ ਦੀ ਖੁਸ਼ੀ ਵਿੱਚ ਇੱਕ ਇੱਕ ਲੱਡੂ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਇੱਥੇ ਹੀ ਬੱਸ ਨਹੀਂ ਸਾਨੂੰ ਹਰ ਸਾਲ ਆਜ਼ਾਦੀ ਅਤੇ ਗਣਤੰਤਰ ਦਿਵਸ ਮੌਕੇ ਸਰਟੀਫਿਕੇਟ ਤੇ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਜਾਂਦਾ ਹੈ ਪਰ ਇਸ ਵਾਰ ਨਾ ਤਾਂ ਸਾਨੂੰ ਸਰਟੀਫਿਕੇਟ ਦਿੱਤੇ ਗਏ ਨਾ ਹੀ ਸਾਡਾ ਸਨਮਾਨ ਕੀਤਾ ਗਿਆ ਜਿਸ ਨੂੰ ਅਸੀਂ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਹਾਂ। ਸਫ਼ਾਈ ਸੇਵਕਾਂ ਨੇ ਰੋਸ ਵਜੋਂ ਹੜਤਾਲ ਕੀਤੀ ਅਤੇ ਸਾਰਾ ਦਿਨ ਕੰਮਕਾਰ ਨਾ ਕਰਨ ਦਾ ਔਲਾਨ ਕੀਤਾ ।

ਐੱਸਡੀਐੱਮ ਦਾ ਕੀ ਹੈ ਕਹਿਣਾ ?


ਜਦੋਂ ਇਸ ਸਬੰਧੀ ਐੱਸਡੀਐਮ ਮਨੀਸ਼ਾ ਰਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਆਜ਼ਾਦੀ ਸਮਾਰੋਹ ਮੌਕੇ ਸਨਮਾਨਤ ਕਰਨ ਵਾਲਿਆਂ ਦੀ ਸੂਚੀ ਨਗਰ ਕੌਂਸਲ ਵੱਲੋਂ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚੋਂ ਜਿਸ ਨੇ ਕੋਈ ਬਹੁਤ ਵਧੀਆ ਕੰਮ ਕੀਤਾ ਹੋਵੇ ਉਸ ਨੂੰ ਸਨਮਾਨਿਤ ਕਰਨ ਲਈ ਨਗਰ ਕੌਂਸਲ ਵੱਲੋਂ ਸਾਨੂੰ ਨਾਮ ਭੇਜਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ ।

ਕੀ ਕਹਿਣਾ ਹੈ ਨਗਰ ਕੌਂਸਲ ਪ੍ਰਧਾਨ ਦਾ ?


ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੌਂਸਲ ਵੱਲੋਂ ਕਾਰਜਸਾਧਕ ਅਫਸਰ, ਕੌਂਸਲਰ ਸਾਹਿਬਾਨ, ਸੈਂਟਰੀ ਇੰਸਪੈਕਟਰ ਅਤੇ ਸਫਾਈ ਸੇਵਕਾਂ ਦੇ ਮੋਮੈਂਟੋ ਅਤੇ ਸਰਟੀਫਿਕੇਟ ਰੱਖੇ ਗਏ ਸਨ ਜਿਸ ਸਬੰਧੀ ਐਸਡੀਐਮ ਮਨੀਸ਼ਾ ਰਾਣਾ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰ ਅਫ਼ਸੋਸ ਵਾਰ ਵਾਰ ਕਹਿਣ 'ਤੇ ਉਨ੍ਹਾਂ ਨੇ ਸਰਟੀਫਿਕੇਟ ਤੇ ਮੋਮੈਂਟੋ ਨਹੀਂ ਦਿੱਤੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿਚ ਗੰਦੀ ਰਾਜਨੀਤੀ ਖੇਡੀ ਗਈ ਹੈ ਜੋ ਅਫ਼ਸੋਸਨਾਕ ਹੈ।

Posted By: Jagjit Singh