ਅਭੀ ਰਾਣਾ, ਨੰਗਲ : ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਨੰਗਲ ਵਿੱਚ ਪਿਛਲੇ ਦਿਨ ਦੋ ਦਿਨ ਤੋਂ ਜਾਮ ਦੀ ਸਥਿਤੀ ਪੂਰੀ ਤਰ੍ਹਾਂ ਬਰਕਰਾਰ ਹੈ। ਟਰੈਫਿਕ ਜਾਮ ਨੇ ਨੰਗਲ ਨੂੰ ਪੂਰੀ ਤਰਾਂ੍ਹ ਆਪਣੀ ਪਕੜ ਵਿੱਚ ਲੈ ਲਿਆ ਹੈ। ਜਿੱਥੇ ਬੀਤੇ ਦਿਨ 10 ਅਗਸਤ ਨੂੰ ਸਵੇਰੇ ਨੌ ਵਜੇ ਤੋਂ ਲੈ ਕੇ ਰਾਤ ਸਾਢੇ ਨੌ ਵਜੇ ਤੱਕ ਜਾਮ ਲੱਗਿਆ ਰਿਹਾ, ਜਿਸਨੇ ਲੋਕਾਂ ਦਾ ਤ੍ਰਾਹ ਕੱਢ ਕੇ ਰੱਖ ਦਿੱਤਾ। ਉੱਥੇ ਹੀ 11 ਅਗਸਤ ਨੂੰ ਵੀ ਸਵੇਰੇ ਤੋਂ ਹੀ ਇਲਾਕੇ ਵਿੱਚ ਜਾਮ ਦੀ ਸਥਿਤੀ ਬਣ ਗਈ ਸੀ ਪਰ ਡੀਐਸਪੀ ਸਤੀਸ਼ ਕੁਮਾਰ, ਥਾਣਾ ਮੁਖੀ ਦਾਨਿਸ਼ਵੀਰ ਸਿੰਘ ਅਤੇ ਟ੍ਰੈਫਿਕ ਇੰਚਾਰਜ ਮਹਿੰਦਰ ਸਿੰਘ ਦੀ ਮਿਹਨਤ ਅਤੇ ਸੂਝ ਬੂਝ ਨਾਲ ਇਸ ਜਾਮ ਨੂੰ ਸੁਚਾਰੂ ਰੂਪ ਨਾਲ ਚਲਾਇਆ ਗਿਆ। ਦੱਸਣਾ ਇਹ ਵੀ ਜ਼ਰੂਰੀ ਹੈ ਕਿ ਡੀਐੱਸਪੀ ਤੇ ਥਾਣਾ ਮੁਖੀ ਆਪਣੀ ਪੁਲਿਸ ਪਾਰਟੀ ਸਣੇ ਕਰੀਬ 6 ਘੰਟੇ ਤੋਂ ਜਾਮ ਨੂੰ ਕਢਾਉਣ 'ਚ ਲੱਗੇ ਹੋਏ ਹਨ।

ਡੀਅੱੈਸਪੀ ਸਤੀਸ਼ ਕੁਮਾਰ ਦੇ ਨਾਲ ਨਾਲ ਐੱਸਐੱਚਓ ਦਾਨਿਸ਼ਵੀਰ ਸਿੰਘ ਨੇ ਜੋ ਰਾਹਗੀਰ ਚੰਡੀਗੜ੍ਹ ਰੋਪੜ ਹੋ ਕੇ ਊਨਾ ਹਿਮਾਚਲ ਪ੍ਰਦੇਸ਼ ਜਾਣਾ ਜਾਂ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਜਾਂ ਨੂਰਪੁਰਬੇਦੀ ਤੋਂ ਭਲਾਣ, ਭਨਾਮ, ਮੋਜੋਵਾਲ ਹੋ ਕੇ ਮਹਿਤਪੁਰ ਤੋਂ ਊਨਾ ਨੂੰ ਨਿਕਲ ਜਾਣ। ਨੰਗਲ ਵਿਚ ਫਲਾਈਓਵਰ ਦੇ ਅਧੂਰੇ ਕਾਰਜ ਕਾਰਨ ਵੀ ਜਾਮ ਦੀ ਸਮੱਸਿਆ ਹੈ ਤੇ ਲੰਬੇਂ ਸਫਰ ਵਾਲੇ ਚਾਲਕ ਨੰਗਲ ਵਿੱਚ ਤਿਉਹਾਰਾਂ ਦੇ ਸੀਜ਼ਨ ਕਰਕੇ ਬਿਲਕੁਲ ਵੀ ਨਾ ਵੜਨ। ਥਾਣਾ ਮੁਖੀ ਨੇ ਜਿੱਥੇ ਵੱਡੀਆਂ ਗੱਡੀਆਂ ਜਿਵੇਂ ਟਰੱਕ ਟੈਂਕਰ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਸਵੇਰੇ ਅੱਠ ਵਜੇ ਜਾਂ ਰਾਤ ਨੂੰ ਅੱਠ ਵਜੇ ਤੋਂ ਬਾਅਦ ਹੀ ਸ਼ਹਿਰ ਵਿੱਚੋਂ ਆਪਣੀਆਂ ਵੱਡੀਆਂ ਭਾਰੀ ਗੱਡੀਆਂ ਲੈ ਕੇ ਜਾਣ। ਕਿਉਂਕਿ ਵੱਡੀਆਂ ਗੱਡੀਆਂ ਦੇ ਨਾਲ ਹੀ ਜਾਮ ਲੱਗਦਾ ਹੈ। ਇਸ ਮੌਕੇ ਉਨਾਂ੍ਹ ਵੱਲੋਂ ਟ੍ਰੈਫਿਕ ਜਾਮ ਕਰਨ ਵਾਲੀਆਂ ਇਕ ਦੋ ਵੱਡੀਆਂ ਗੱਡੀਆਂ ਦੇ ਚਲਾਨ ਵੀ ਕੱਟੇ ਗਏ। ਡੀਐਸਪੀ ਤੇ ਐਸਐੱਚਓ ਨੇ ਉਨਾਂ੍ਹ ਨੌਜਵਾਨਾਂ ਦੀ ਸ਼ਲਾਘਾ ਕੀਤੀ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਜਾਮ ਨੂੰ ਕਢਾਉਣ 'ਚ ਪੁਲਿਸ ਦੀ ਮਦਦ ਕਰ ਰਹੇ ਹਨ। ਟ੍ਰੈਫਿਕ ਕਢਾ ਰਹੇ ਪੁਲਿਸ ਮੁਲਾਜ਼ਮਾਂ ਨਾਲ ਬਿਲਕੁਲ ਵੀ ਨਾ ਬਹਿਸ ਕਰੋ, ਉਹ ਤੁਹਾਡੀ ਸੇਵਾ 'ਚ ਹੀ ਲੱਗੇ ਹੋਏ ਹਨ। ਇੱਕ ਲਾਈਨ 'ਚ ਗੱਡੀਆਂ ਚਾਲਈਆਂ ਜਾਣ ਤਾਂ ਜੋ ਜਾਮ ਨਾ ਲੱਗੇ।

==============

ਪੰਜਾਬ ਪੁਲਿਸ ਨਾਲ ਸਿੰਗਲਾ ਕੰਪਨੀ ਅਧਿਕਾਰੀ ਵੀ ਲੱਗੇ ਰਹੇ ਜਾਮ ਖੁੱਲ੍ਹਵਾਉਣ 'ਚ

ਸੂਤਰਾਂ ਮੁਤਾਬਿਕ ਕੁਸ਼ਟ ਆਸ਼ਰਮ ਦਾ ਕੁਝ ਕਾਰਜ, ਰੇਲਵੇ ਅਤੇ ਐਨਐੱਫਐੱਲ ਤੋਂ ਕੁਝ ਮੰਜੂਰੀਆਂ ਮਿਲਣ ਤੋਂ ਬਾਅਦ ਹੀ ਫਲਾਈਓਵਰ ਦਾ ਕੰਮ ਮੁਕੰਮਲ ਹੋਵੇਗਾ। ਰਾਜੀਵ ਗਾਂਧੀ ਚੌਕ ਲਾਗੇ ਫਾਟਕ ਤੇ ਸਿੰਗਲਾ ਕੰਪਨੀ ਪਿੱਲਰ ਬਣਾਏਗੀ, ਜਿਸਦੀਆਂ ਮੰਜੂਰੀਆਂ ਤੇ ਕੁਝ ਹਸਤਾਖ਼ਰ ਹਾਲੇ ਬਾਕੀ ਹੈ। ਜ਼ਿਕਰਯੋਗ ਹੈ ਕਿ ਨੰਗਲ ਡੈਂਮ ਲਾਗੇ ਬਣਨ ਵਾਲੇ ਬਹੁਕਰੋੜੀ ਫਲਾਈਓਵਰ ਦਾ ਕੰਮ ਪਿਛਲੇ ਸਾਢੇ ਚਾਰ ਸਾਲ ਤੋਂ ਅਧੂਰਾ ਹੀ ਪਿਆ ਹੈ। ਨੰਗਲ ਵਾਸੀਆਂ ਵੱਲੋਂ 26 ਜੁਲਾਈ ਨੂੰ ਸਵੇਰੇ 9 ਵਜੇ ਤੋਂ 12 ਵਜੇ ਤੱਕ ਆਪਣਾ ਕਾਰੋਵਾਰ ਠੱਪ ਕਰਕੇ ਇੱਕ ਇਤਿਹਾਸਕ ਧਰਨਾ ਵੀ ਦਿੱਤਾ ਗਿਆ ਸੀ। ਉਸ ਮੌਕੇ ਸਰਕਾਰਾਂ ਦੇ ਨਾਲ ਨਾਲ ਸਿੰਗਲਾ ਕੰਪਨੀ ਦੀ ਲੋਕਾਂ ਨੇ ਖ਼ੂਬ ਨੁਕਤਾਚੀਨੀ ਕੀਤੀ ਸੀ ਪਰ ਅੱਜ ਟ੍ਰੈਫਿਕ ਨੂੰ ਸੁਚਾਰੂ ਰੂਪ 'ਚ ਚਲਾਉਣ ਸਮੇਂ ਸਿੰਗਲਾ ਕੰਪਨੀ ਦੇ ਕੁਝ ਅਧਿਕਾਰੀ ਵੀ ਪੰਜਾਬ ਪੁਲਿਸ ਦੀ ਮਦਦ ਕਰਦੇ ਨਜ਼ਰ ਆਏ ਤੇ ਉਨਾਂ੍ਹ ਵੱਲੋਂ ਡੀਐਸਪੀ ਨਾਲ ਉਕਤ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਵਿਚਾਰ ਵਟਾਂਦਰਾ ਵੀ ਕੀਤਾ ਗਿਆ।