ਗੁਰਦੀਪ ਭੱਲੜੀ, ਨੰਗਲ : ਭੈਣ-ਭਰਾ ਦੇ ਆਪਸੀ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਅੱਜ ਨੰਗਲ ਅਤੇ ਆਸ-ਪਾਸ ਦੇ ਇਲਾਕੇ 'ਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਰੱਖੜੀ ਮੌਕੇ ਬਾਜ਼ਾਰਾਂ ਚ ਕਾਫੀ ਚਹਿਲ- ਪਹਿਲ ਰਹੀ। ਇਸ ਤੋਂ ਇਲਾਵਾ ਮਠਿਆਈ ਦੀਆਂ ਦੁਕਾਨਾ ਨੇ ਵੀ ਗਾਹਕਾਂ ਦੀ ਭਾਰੀ ਭੀੜ ਵੇਖੀ ਗਈ। ਲੋਕਾਂ ਵਲੋਂ ਜਿਥੇ ਰਵਾਇਤੀ ਰੱਖੜੀਆਂ ਬੰਨ੍ਹਣ ਨੂੰ ਪਹਿਲ ਦਿੱਤੀ ਗਈ, ਉਥੇ ਚਾਂਦੀ ਦੀਆਂ ਰੱਖੜੀਆਂ ਸਮੇਤ ਅਜੋਕੇ ਸਮੇਂ 'ਚ ਨਵੀਂ ਤਕਨੀਕ ਨਾਲ ਤਿਆਰ ਕੀਤੀਆਂ ਫੋਟੋ ਵਾਲੀਆਂ ਰੱਖੜੀਆਂ ਦਾ ਵੀ ਰੁਝਾਨ ਵੇਖਣ ਨੂੰ ਮਿਲਿਆ।

ਇਸ ਮੌਕੇ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕੌਂਸਲਰ ਅਤੇ ਸਮਾਜ ਸੇਵੀ ਦੀਪਕ ਨੰਦਾ ਨੇ ਦੱਸਿਆ ਕਿ ਭਾਰਤ ਵੱਖ-ਵੱਖ ਸੱਭਿਆਚਾਰਾਂ ਦਾ ਸਯੁੰਕਤ ਸਮੂਹ ਹੈ, ਜਿਥੇ ਲੋਕ ਵੱਖ-ਵੱਖ ਤਿਉਹਾਰਾਂ ਨੂੰ ਰਲ ਮਿਲ ਕੇ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਜਿਥੇ ਸਾਨੂੰ ਅਪਣੀ ਸੰਸਕ੍ਰਿਤੀ ਨਾਲ ਜੋੜਨ ਦਾ ਕੰਮ ਕਰਦੇ ਹਨ, ਉਥੇ ਇਸ ਨਾਲ ਸਮਾਜਿਕ ਅਤੇ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ।