ਵਿਨੋਦ ਸ਼ਰਮਾ, ਸ੍ਰੀ ਕੀਰਤਪੁਰ ਸਾਹਿਬ : ਨਸ਼ੇ ਵਿਅਕਤੀ ਦਾ ਸਰੀਰਕ ਤੇ ਵਿੱਤੀ ਨੁਕਸਾਨ ਕਰਦੇ ਹਨ। ਨਸ਼ੇ ਦੀ ਗਿ੍ਫ਼ਤ 'ਚ ਆ ਕੇ ਵਿਅਕਤੀ ਜੁਰਮ ਦੀ ਦਲਦਲ 'ਚ ਧੱਸ ਸਕਦਾ ਹੈ।

ਇਹ ਜਾਣਕਾਰੀ ਡਾ.ਦਲਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਸ੍ਰੀ ਕੀਰਤਪੁਰ ਸਾਹਿਬ ਨੇ ਦਿੰਦੇ ਹੋਏ ਦੱਸਿਆ ਕਿ ਡੈਪੋ ਪੋ੍ਗਰਾਮ ਤਹਿਤ ਸਿਹਤ ਵਿਭਾਗ ਵਲੋਂ ਪਿੰਡਾਂ 'ਚ ਕੈਂਪ ਲਗਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪੇ੍ਰਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਆਉਣ ਵਾਲ਼ੇ ਸਮੇਂ 'ਚ ਦੇਸ਼ ਦੀ ਵਾਗਡੋਰ ਸੰਭਾਲਣੀ ਹੈ, ਉਹ ਨਸ਼ਿਆਂ 'ਚ ਫਸਦੇ ਜਾ ਰਹੇ ਨੇ। ਕੁੱਝ ਸ਼ਰਾਰਤੀ, ਦੇਸ਼ ਤੇ ਸਮਾਜ ਵਿਰੋਧੀ ਲੋਕ ਪੈਸਾ ਬਣਾਉਣ ਦੇ ਲਾਲਚ 'ਚ ਭੋਲ਼ੇ ਭਾਲ਼ੇ ਨੌਜਵਾਨਾਂ ਨੂੰ ਨਸ਼ਿਆਂ ਦੇ ਜਾਲ 'ਚ ਫਸਾ ਰਹੇ ਹਨ ਤੇ ਉਨ੍ਹਾਂ ਦਾ ਭਵਿੱਖ ਖ਼ਰਾਬ ਕਰ ਰਹੇ ਹਨ। ਭਾਵੇਂ ਕਿ ਸਮੇਂ-ਸਮੇਂ ਤੇ ਸਰਕਾਰਾਂ ਵਲੋਂ ਨਸ਼ਾ ਤਸਕਰੀ ਕਰਨ ਵਾਲ਼ਿਆਂ ਵਿਰੁੱਧ ਨਕੇਲ ਕੱਸੀ ਹੋਈ ਹੈ, ਪਰ ਜੇਕਰ ਆਮ ਲੋਕ ਵੀ ਸਿਹਤ ਵਿਭਾਗ ਅਤੇ ਸਰਕਾਰ ਵਲ੍ਹੋਂ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਨ ਤਾਂ ਨਸ਼ੇ ਵਰਗੇ ਕੋਹੜ 'ਤੇ ਸਹਿਜੇ ਹੀ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਅਪਣਾ ਕੇ ਸਮੇਂ ਦਾ ਸਹੀ ਲਾਭ ਉਠਾਉਣਾ ਚਾਹੀਦਾ ਹੈ ਅਤੇ ਮਾਂ-ਬਾਪ ਦਾ ਵੀ ਸਹਾਰਾ ਬਣਨਾ ਚਾਹੀਦਾ ਹੈ।

ਇਸ ਮੌਕੇ ਹੈਲਥ ਇੰਸਪੈਕਟਰ ਬਲਵੰਤ ਰਾਏ ਨੇ ਕਿਹਾ ਕਿ ਨਸ਼ਿਆਂ ਨਾਲ਼ ਜਿੱਥੇ ਵਿਅਕਤੀ ਦੀ ਸਿਹਤ ਖ਼ਰਾਬ ਹੁੰਦੀ ਹੈ ਉੱਥੇ ਹੀ ਪੈਸੇ ਦੀ ਬਰਬਾਦੀ ਵੀ ਹੁੰਦੀ ਹੈ। ਕਈ ਵਾਰ ਨਸ਼ੇ ਦੀ ਪੂਰਤੀ ਲਈ ਇਨਸਾਨ ਆਪਣੇ ਘਰ 'ਚ ਕੁੱਟਮਾਰ, ਚੋਰੀ ਵੀ ਕਰਦਾ ਹੈ ਜੋ ਕਿ ਕਈ ਵਾਰੀ ਵੱਡੇ ਨੁਕਸਾਨ 'ਚ ਵੀ ਬਦਲ ਜਾਂਦੀ ਹੈ। ਇੱਕ ਵਿਅਕਤੀ ਜੇ ਨਸ਼ੇੜੀ ਹੋਵੇ ਤਾਂ ਪੂਰੇ ਪਰਿਵਾਰ ਨੂੰ ਹੀ ਇਸ ਦਾ ਸੰਤਾਪ ਭੋਗਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਤੋਂ ਜਾਗਰੂਕ ਕਰਨ ਦੀ ਇਸ ਮੁਹਿੰਮ ਤਹਿਤ ਅੱਜ ਚੰਡੇਸਰ, ਥੱਪਲ ਤੇ ਘਨਾਰੂ ਵਿਖੇ ਸਿਹਤ ਕਰਮਚਾਰੀਆਂ ਵਲੋਂ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਕੈਂਪ ਦੌਰਾਨ ਆਮ ਲੋਕਾਂ ਨੂੰ ਨਸ਼ੇ ਦੀ ਗਿ੍ਫ਼ਤ 'ਚ ਫਸੇ ਵਿਅਕਤੀਆਂ ਨੂੰ ਹਮਦਰਦੀ ਨਾਲ ਵਿਚਾਰਨ ਸਮਾਜ 'ਚ ਸਹੀ ਸੇਧ ਦਿੰਦੇ ਹੋਏ, ਉਨਾਂ੍ਹ ਦਾ ਇਲਾਜ ਕਰਵਾ ਕੇ ਮੁੱਖ ਧਾਰਾ ਵਿਚ ਲਿਆ ਕੇ ਆਮ ਨਾਗਰਿਕ ਬਣਾਉਣ। ਸਿਹਤ ਵਿਭਾਗ ਦੀ ਟੀਮ 'ਚ ਨਰੇਸ਼ ਕੁਮਾਰ ਅਗੰਮਪੁਰ, ਅਸ਼ੋਕ ਕੁਮਾਰ ਲੰਮਲੈਹੜੀ ਅਤੇ ਬਲਜੀਤ ਸਿੰਘ ਮਹਿਰੋਲੀ ਸ਼ਾਮਲ ਸਨ।