ਜੌਲੀ ਸੂਦ, ਮੋਰਿੰਡਾ : ਮੋਰਿੰਡਾ-ਚੰਡੀਗੜ੍ਹ ਰੋਡ 'ਤੇ ਧੀਮਾਨ ਪੈਲੇਸ ਨੇੜੇ ਚਾਰ ਅਣਪਛਾਤੇ ਨੌਜਵਾਨਾਂ ਨੇ ਪਿੰਡ ਮੜੋਲੀ ਤੋਂ ਆ ਰਹੇ ਗੌਤਮ ਨਾਂ ਦੇ ਨੌਜਵਾਨ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ ਤੇ ਉਸ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਨੌਜਵਾਨਾਂ ਅਨੁਸਾਰ ਲੁਟੇਰਿਆਂ ਨੇ ਮੂੰਹ ਢਕੇ ਹੋਏ ਸਨ ਤੇ ਪੱਗਾਂ ਬੰਨ੍ਹੀਆਂ ਹੋਈਆਂ ਸਨ। ਬੈਗ 'ਚ ਤਿੰਨ ਲੱਖ ਤੇਰਾਂ ਹਜ਼ਾਰ ਰੁਪਏ ਦੀ ਨਕਦੀ ਸੀ। ਜਦੋਂ ਨੌਜਵਾਨ ਗੌਤਮ ਨੇ ਬੈਗ ਨਾ ਸੌਂਪਿਆ ਤਾਂ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਜ਼ਖ਼ਮੀ ਕਰ ਦਿੱਤਾ ਤੇ ਬੈਗ ਖੋਹ ਲਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨੂਰਪੁਰਬੇਦੀ ਇਲਾਕੇ 'ਚ ਅਜਿਹੀਆਂ ਦੋ ਘਟਨਾਵਾਂ ਵਾਪਰ ਚੁੱਕੀਆਂ ਹਨ। ਉੱਥੇ ਵੀ ਪਗੜੀਧਾਰੀ ਨਕਾਬਪੋਸ਼ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਜ਼ੇਰੇ ਇਲਾਜ ਗੌਤਮ (19) ਤੇ ਉਸ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਰੇਡੀਐਂਟ ਕੈਸ਼ ਐਂਡ ਮੈਨੇਜਮੈਂਟ ਕੰਪਨੀ ਤੋਂ ਪੈਸੇ ਦੀ ਉਗਰਾਹੀ ਕਰਦੇ ਆ ਰਹੇ ਹਨ। ਅੱਜ ਵੀ ਉਸ ਦਾ ਲੜਕਾ ਗੌਤਮ ਫਿਰੌਤੀ ਦੇ ਪੈਸੇ ਇਕੱਠੇ ਕਰਕੇ ਕੇਨਰਾ ਬੈਂਕ 'ਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ। ਰਸਤੇ 'ਚ ਮੋਟਰਸਾਈਕਲਾਂ 'ਤੇ ਕਰੀਬ 20-25 ਸਾਲ ਦੇ ਕਰੀਬ ਚਾਰ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ ਅਤੇ ਉਸ ਤੋਂ ਪੈਸਿਆਂ ਵਾਲਾ ਬੈਗ ਖੋਹ ਕੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਕੇ ਫ਼ਰਾਰ ਹੋ ਗਏ। ਬੈਗ 'ਚ ਤਿੰਨ ਲੱਖ 13 ਹਜ਼ਾਰ 800 ਰੁਪਏ ਸਨ। ਉਨ੍ਹਾਂ ਇਸ ਸਬੰਧੀ ਮੋਰਿੰਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਐੱਸਐੱਚਓ ਮੋਰਿੰਡਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਖੇਤਾਂ 'ਚ ਡਿੱਗੀ ਬਜ਼ੁਰਗ ਅੌਰਤ ਨੂੰ ਖੋਹ ਲਿਆ ਗਿਆ
13 ਫਰਵਰੀ ਨੂੰ ਨੂਰਪੁਰਬੇਦੀ ਦੇ ਪਿੰਡ ਭੱਟੋਂ ਤੇ ਭੋਗੀਪੁਰ ਵਿਚਕਾਰ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬਜ਼ੁਰਗ ਅੌਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਉਦੋਂ ਨੌਜਵਾਨਾਂ ਨੇ ਬਜ਼ੁਰਗ ਅੌਰਤ ਨੂੰ ਖੇਤਾਂ 'ਚ ਸੁੱਟ ਦਿੱਤਾ ਸੀ। ਭੋਗੀਪੁਰ ਦੀ ਰਹਿਣ ਵਾਲੀ ਇੱਕ ਬਜ਼ੁਰਗ ਅੌਰਤ ਗੁਰਬਖਸ਼ ਕੌਰ ਦੇ ਕੰਨਾਂ 'ਚ ਝਪਟਮਾਰ ਤੋਂ ਬਾਅਦ ਖੂਨ ਵਹਿ ਗਿਆ ਸੀ। ਚਸ਼ਮਦੀਦਾਂ ਅਨੁਸਾਰ ਲੁਟੇਰਿਆਂ ਦੇ ਹੱਥਾਂ 'ਚ ਤਲਵਾਰ ਵੀ ਸੀ।