ਅਭੀ ਰਾਣਾ, ਨੰਗਲ : ਇਲਾਕੇ 'ਚ ਲੋਕਾਂ ਵੱਲੋਂ ਵੱਖ ਵੱਖ ਥਾਈਂ ਖੂੰਖਾਰ ਤੇਂਦੂਆਂ ਵੇਖਿਆ ਗਿਆ ਤੇ ਸਮੇਂ-ਸਮੇਂ ਤੇ ਜੰਗਲਾਤ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ। ਬਹੁਤੇ ਘਰਾਂ ਦੇ ਪਾਲਤੂ ਤੇ ਆਵਾਰਾ ਕੁੱਤਿਆਂ ਨੂੰ ਇਸ ਜਾਨਵਰ ਵੱਲੋਂ ਸ਼ਿਕਾਰ ਵੀ ਬਣਾਇਆ ਜਾ ਚੁੱਕਾ ਹੈ। ਗਨਿਤਮ ਰਹੀ ਪਰ ਹਾਲੇ ਵਿਅਕਤੀ ਜਾਂ ਬੱਚੇ 'ਤੇ ਇਸ ਜਾਨਵਰ ਵੱਲੋਂ ਹਮਲਾ ਕਰਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਪਰ ਲੋਕ ਦਹਿਸ਼ਤ ਦੇ ਮਾਹੌਲ 'ਚ ਇਸ ਕਰ ਕੇ ਹਨ ਕਿਉਂਕਿ ਵਿਭਾਗ ਦੇ ਹੱਥ ਹਾਲੇ ਖਾਲੀ ਹਨ, ਤੇਂਦੂਆਂ ਉਨ੍ਹਾਂ ਦੀ ਪਕੜ ਤੋਂ ਦੂਰ ਹੈ। ਬੀਤੀ ਸ਼ਾਮ ਸੱਤ 7 ਵਜੇ ਦੇ ਕਰੀਬ ਤੇਂਦੂਆਂ ਨੰਗਲ ਦੀ ਉੁਦਯੋਗਿਕ ਇਕਾਈ (ਆਈਟੀਆਈ) 'ਚੋਂ ਕੁੱਤੇ ਦੇ ਬੱਚੇ ਨੂੰ ਚੁੱਕ ਕੇ ਲੈ ਗਿਆ। ਜਿਸ ਦੀਆਂ ਸੀਸੀਟੀਵੀ ਫੁਟੇਜ਼ ਸੋਸ਼ਲ ਮੀਡੀਆ ਤੇ ਧੜਾਧੜ ਵਾਈਰਲ ਹੋ ਰਹੀਆਂ ਹਨ। ਵੀਡੀਓ 'ਚ ਉਕਤ ਖੁੰਖਾਰ ਜਾਨਵਰ ਬਹੁਤ ਚਤੁਰਾਈ ਨਾਲ ਆਈਟੀਆਈ 'ਚ ਘੁੰਮ ਰਹੇ ਕੁੱਤੇ ਦੇ ਬੱਚੇ ਨੂੰ 15 ਕੁ ਸੈਂਕਡ 'ਚ ਹੀ ਚੁੱਕ ਕੇ ਆਈਟੀਆਈ ਦੇ ਪਿੱਛੇ ਬਣੀ ਬੀਬੀਐੱਮਬੀ ਦੀ ਵਰਕਸ਼ਾਪ ਵੱਲ ਨੂੰ ਲੈ ਜਾਂਦਾ ਹੈ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਆਈਟੀਆਈ ਪਿੰ੍ਸੀਪਲ ਗੁਰਨਾਮ ਭੱਲੜੀ ਨੇ ਕਿਹਾ ਕਿ ਆਈਟੀਆਈ 'ਚ 16 ਸੀਸੀਟੀਵੀ ਕੈਮਰੇ ਹਨ। ਲੜਕੀਆਂ ਦੀ ਆਈਟੀਆਈ 'ਚ ਵੱਖ ਤੌਰ 'ਤੇ ਕੈਮਰੇ ਲਗਾਏ ਗਏ ਹਨ। ਕੈਮਰਿਆਂ ਦੀ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਤੇਂਦੂਆਂ ਬੀਬੀਐੱਮਬੀ ਦੀ ਵਰਕਸ਼ਾਪ ਵੱਲੋਂ ਆਈਟੀਆਈ ਅੰਦਰ ਆਉਂਦਾ ਹੈ ਤੇ ਕੁੱਤੇ ਦੇ ਬੱਚੇ ਨੂੰ ਚੁੱਕ ਕੇ ਲੈ ਜਾਂਦਾ ਹੈ। ਪਿੰ੍ਸੀਪਲ ਭੱਲੜੀ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦੀ ਆਈਟੀਆਈ ਲਾਗਿਓਂ ਅੱਧਾ ਦਰਜਨ ਦੇ ਕਰੀਬ ਕੁੱਤੇ ਗਾਇਬ ਹੋ ਚੁੱਕੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਇਹ ਤੇਂਦੂਏ ਦਾ ਹੀ ਕੰਮ ਹੈ। ਉਨ੍ਹਾਂ ਕਿਹਾ ਕਿ ਆਈਟੀਆਈ 'ਚ 500 ਦੇ ਕਰੀਬ ਬੱਚੇ ਪੜ੍ਹਦੇ ਹਨ ਪਰ ਡਰਨ ਦੀ ਜ਼ਰੂਰਤ ਨਹੀਂ ਕਿਉਂਕਿ ਜੰਗਲਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਪੰਜਰਾ ਲਗਾ ਕੇ ਤੇਂਦੂਏ ਨੂੰ ਫੜ੍ਹਨ ਦੀ ਗੱਲ ਆਖੀ ਹੈ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਇੱਕ ਮੇਨ ਮਾਰਕਿਟ ਦੇ ਇੱਕ ਮਸ਼ਹੂਰ ਵਪਾਰੀ ਨੇ ਸੈਰ ਕਰਨ ਸਮੇਂ ਉਕਤ ਤੇਂਦੂਏ ਨੂੰ ਬੀਬੀਐੱਮਬੀ ਵਰਕਸ਼ਾਪ 'ਚ ਜਾਂਦੇ ਵੇਖਿਆ ਸੀ। ਜੰਗਲਾਤ ਵਿਭਾਗ ਨੇ ਉਦੋਂ ਵੀ ਸਰਚ ਅਭਿਆਨ ਚਲਾਇਆ ਸੀ ਪਰ ਉਹ ਤੇਂਦੂਏ ਨੂੰ ਫੜ੍ਹਨ 'ਚ ਅਸਫ਼ਲ ਹੀ ਰਹੇ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਜੰਗਲਾਤ ਵਿਭਾਗ ਮੁਲਾਜ਼ਮ ਅੰਮਿ੍ਤਪਾਲ ਨੇ ਕਿਹਾ ਕਿ ਰੇਂਜ ਅਫਸਰ ਤੇ ਬਲਾਕ ਅਫਸਰ ਵੱਲੋਂ ਦਿੱਤੀ ਜਾਣਕਾਰੀ ਨੂੰ ਲੈ ਕੇ ਉਹ ਘਟਨਾ ਵਾਲੀ ਥਾਂ ਆਈਟੀਆਈ 'ਚ ਪੁੱਜੇ ਹਨ। ਕੈਮਰੇ 'ਚ ਤੇਂਦੂਆ ਸਾਫ਼ ਕੁੱਤੇ ਦੇ ਬੱਚੇ ਦਾ ਸ਼ਿਕਾਰ ਕਰਦਾ ਵੇਖਿਆ ਜਾ ਸਕਦਾ ਹੈ। ਬਹੁਤ ਜਲਦ ਪਿੰਜਰਾ ਲਗਾ ਕੇ ਉਕਤ ਜਾਨਵਰ ਨੂੰ ਫੜ੍ਹਨ ਦਾ ਯਤਨ ਕੀਤਾ ਜਾਵੇਗਾ।