ਸਟਾਫ ਰਿਪੋਰਟਰ, ਰੂਪਨਗਰ : ਅੱਜ ਕੱਲ੍ਹ ਧਰਤੀ ਦੇ ਪੁੱਤ ਰਾਤ ਨੂੰ ਚੈਨ ਦੀ ਨੀਂਦ ਨਹੀਂ ਸੌਂਦੇ। ਹੁਣ ਜਦੋਂ ਫ਼ਸਲ ਪੱਕਣ 'ਚ ਕੁਝ ਹੀ ਦਿਨ ਬਚੇ ਹਨ ਤਾਂ ਮੌਸਮ ਦਾ ਉਤਰਾਅ-ਚੜ੍ਹਾਅ ਕਿਸਾਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਜ਼ਿਲ੍ਹੇ 'ਚ ਕਈ ਥਾਵਾਂ 'ਤੇ ਮੀਂਹ ਦੇ ਨਾਲ ਚੱਲੀਆਂ ਹਵਾਵਾਂ ਕਾਰਨ ਫ਼ਸਲਾਂ ਡਿੱਗ ਗਈਆਂ ਹਨ। ਸ਼ੁੱਕਰਵਾਰ ਦੀ ਅੱਧੀ ਰਾਤ ਤੇ ਸ਼ਨਿਚਵਾਰ ਸਵੇਰ ਤੋਂ ਪੈ ਰਹੀ ਬਾਰਿਸ਼ ਕਾਰਨ ਮਾਰਚ ਦੇ ਅੱਧ 'ਚ ਪਿਆ ਮੀਂਹ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਕਿਸਾਨਾਂ ਨੂੰ ਹੁਣ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਜੇਕਰ ਮੀਂਹ ਤੋਂ ਬਾਅਦ ਤੇਜ਼ ਹਵਾਵਾਂ ਚੱਲੀਆਂ ਤਾਂ ਗਿੱਲੀ ਫ਼ਸਲ ਡਿੱਗ ਜਾਵੇਗੀ। ਰੂਪਨਗਰ 'ਚ ਸ਼ਨਿਚਰਵਾਰ ਅੱਧੀ ਰਾਤ ਤੋਂ ਬਾਅਦ ਸਵੇਰ ਤੱਕ 18 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ਜਦਕਿ ਸ੍ਰੀ ਆਨੰਦਪੁਰ ਸਾਹਿਬ 'ਚ 3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਫਰਵਰੀ ਮਹੀਨੇ 'ਚ ਖੇਤੀਬਾੜੀ ਵਿਭਾਗ ਨੇ ਇਸ ਸਬੰਧੀ ਚਿਤਾਵਨੀ ਜਾਰੀ ਕਰਦਿਆਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਵੱਧ ਤਾਪਮਾਨ ਕਾਰਨ ਕਣਕ ਦੀ ਫ਼ਸਲ ਨੂੰ ਘੱਟਣ ਤੋਂ ਬਚਾਉਣ। ਉਦੋਂ ਕਿਸਾਨਾਂ ਨੂੰ ਚਿੰਤਾ ਸੀ ਕਿ ਹੁਣ ਪਿਛਲੇ ਸੀਜ਼ਨ ਵਾਂਗ ਫ਼ਸਲ ਦਾ ਝਾੜ ਘੱਟ ਜਾਵੇਗਾ।
ਖੇਤੀਬਾੜੀ ਵਿਭਾਗ ਅਨੁਸਾਰ 23 ਫਰਵਰੀ ਨੂੰ ਵੱਧ ਤੋਂ ਵੱਧ ਤਾਪਮਾਨ 26.7 ਅਤੇ ਘੱਟੋ-ਘੱਟ ਤਾਪਮਾਨ 9.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਜਦੋਂ ਕਿ ਪਿਛਲੇ ਸਾਲ ਇਸੇ ਦਿਨ ਵੱਧ ਤੋਂ ਵੱਧ ਤਾਪਮਾਨ 23.8 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 12.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਮੀਂਹ ਨਾਲ ਭਿੱਜੀਆਂ ਫ਼ਸਲਾਂ ਹਨੇ੍ਹਰੀ ਨਾਲ ਡਿੱਗ ਰਹੀਆਂ ਹਨ : ਚਰਨ ਸਿੰਘ
ਹੁਣ ਜਦੋਂ ਫ਼ਸਲ ਨੂੰ ਆਖ਼ਰੀ ਪਾਣੀ ਦਿੱਤਾ ਜਾ ਰਿਹਾ ਹੈ ਤਾਂ ਅਚਾਨਕ ਬਦਲੇ ਮੌਸਮ ਤੇ ਮੀਂਹ ਨੇ ਕਿਸਾਨਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਜੇਕਰ ਤੇਜ਼ ਹਵਾਵਾਂ ਚੱਲਦੀਆਂ ਹਨ ਤਾਂ ਕਿਸਾਨਾਂ ਦਾ ਨੁਕਸਾਨ ਤੈਅ ਹੈ। ਪਿੰਡ ਮਨਜੀਤਪੁਰਾ ਦੇ ਚਰਨ ਸਿੰਘ ਨੇ ਕਿਹਾ ਕਿ ਮੌਸਮ ਕਿਸਾਨਾਂ ਦੀ ਰਾਤਾਂ ਦੀ ਨੀਂਦ ਉਡਾ ਰਿਹਾ ਹੈ। ਕਿਸਾਨਾਂ ਨੇ ਹੁਣ ਆਖ਼ਰੀ ਪਾਣੀ ਕਣਕ ਦੀ ਫ਼ਸਲ ਨੂੰ ਲਗਾ ਦਿੱਤਾ ਸੀ। ਪਰ ਉਨ੍ਹਾਂ ਨੂੰ ਕਿਵੇਂ ਪਤਾ ਸੀ ਕਿ ਬਾਰਿਸ਼ ਆਵੇਗੀ। ਹੁਣ ਜੇਕਰ ਮੀਂਹ ਪੈਂਦਾ ਹੈ ਅਤੇ ਤੇਜ਼ ਹਵਾਵਾਂ ਚੱਲਦੀਆਂ ਹਨ ਤਾਂ ਫ਼ਸਲ ਦਾ ਬਚਣਾ ਮੁਸ਼ਕਲ ਹੋ ਜਾਵੇਗਾ। ਇਸ ਵੇਲੇ ਮੀਂਹ ਪੈਣ ਨਾਲ ਹੀ ਫ਼ਸਲਾਂ ਜ਼ਮੀਨ 'ਤੇ ਡਿੱਗਣੀਆਂ ਸ਼ੁਰੂ ਹੋ ਗਈਆਂ ਹਨ।
ਸਾਲ 2022 ਚ 75 ਹਜ਼ਾਰ ਮੀਟਿ੍ਕ ਟਨ ਕਣਕ ਦੀ ਹੋਈ ਸੀ ਆਮਦ
ਪਿਛਲੇ ਸਾਲ 2022 ਦੇ ਕਣਕ ਦੇ ਸੀਜ਼ਨ ਦੌਰਾਨ 75062 ਮੀਟਿ੍ਕ ਟਨ ਘੱਟ ਕਣਕ ਦੀ ਖਰੀਦ ਕੀਤੀ ਗਈ ਸੀ। ਫਿਰ ਬਹੁਤ ਮੀਂਹ ਤੇ ਤੇਜ਼ ਹਵਾਵਾਂ ਚੱਲੀਆਂ। ਅੰਕੜਿਆਂ ਅਨੁਸਾਰ ਸਾਲ 2021 ਵਿੱਚ ਕਣਕ ਦੇ ਖਰੀਦ ਸੀਜ਼ਨ ਦੌਰਾਨ ਜ਼ਿਲ੍ਹੇ 'ਚ 199500 ਮੀਟਿ੍ਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਸਾਲ 2022 'ਚ ਕਣਕ ਦੀ ਖਰੀਦ ਦੇ ਸੀਜ਼ਨ ਦੌਰਾਨ 124438 ਮੀਟਿ੍ਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਸਾਲ 2022 'ਚ ਜ਼ਿਲ੍ਹੇ 'ਚ 68 ਹਜ਼ਾਰ 500 ਹੈਕਟੇਅਰ ਰਕਬਾ ਕਣਕ ਹੇਠ ਲਿਆ ਗਿਆ ਸੀ। ਇਸ ਵਾਰ 68 ਹਜ਼ਾਰ ਹੈਕਟੇਅਰ ਰਕਬਾ ਲਿਆ ਗਿਆ ਹੈ।
ਤੇਜ਼ ਹਵਾਵਾਂ ਮੀਂਹ ਨਾਲੋਂ ਵੀ ਵੱਧ ਨੁਕਸਾਨਦਾਇਕ : ਡਾ. ਗੁਰਮੇਲ ਸਿੰਘ
ਰੂਪਨਗਰ ਦੇ ਜ਼ਲਿ੍ਹਾ ਖੇਤੀਬਾੜੀ ਅਫ਼ਸਰ ਡਾ: ਗੁਰਮੇਲ ਸਿੰਘ ਨੇ ਦੱਸਿਆ ਕਿ ਫਰਵਰੀ ਮਹੀਨੇ ਵਿੱਚ ਤਾਪਮਾਨ ਵਿੱਚ ਤਿੰਨ ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਸੀ। ਜੋ ਕਿ ਫਸਲ ਦੇ ਰੁੱਖ ਲਈ ਠੀਕ ਨਹੀਂ ਸੀ। ਹੁਣ ਮਾਰਚ ਵਿੱਚ ਲਗਾਤਾਰ ਮੀਂਹ ਨਹੀਂ ਪੈਂਦਾ ਤੇ ਤੇਜ਼ ਹਵਾ ਚੱਲੀ ਤਾਂ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ।