ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਇਲਾਕੇ ਵਿਚ ਜਿਥੇ ਚੋਰੀਆਂ, ਲੜਾਈ-ਝਗੜੇ ਲਗਾਤਾਰ ਵੱਧ ਰਹੇ ਹਨ ਉਥੇ ਹੁਣ ਜਬਰ ਜਨਾਹ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਆਪਣੀ ਭਾਣਜੀ ਨਾਲ ਜਲਾਲਾਬਾਦ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਧਾਮਾਂ ਦੇ ਦਰਸ਼ਨਾਂ ਲਈ ਆਈ ਅੌਰਤ ਨਾਲ ਚਾਰ ਨੌਜਵਾਨਾਂ ਵੱਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਅੌਰਤ ਦੇ ਬਿਆਨਾਂ 'ਤੇ ਪੁਲਿਸ ਵੱਲੋਂ 4 ਕਥਿਤ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਸਬ ਇੰਸਪੈਕਟਰ ਗੁਰਮਖ ਸਿੰਘ ਨੇ ਦੱਸਿਆ ਕਿ ਜੰਮੂ ਬਸਤੀ, ਜਲਾਲਾਬਾਦ ਜ਼ਿਲ੍ਹਾ ਫਾਜਲਿਕਾ ਦੀ ਅੌਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੀ ਭਾਣਜੀ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਧਾਮਾਂ ਦੇ ਦਰਸ਼ਨਾਂ ਲਈ ਆਈ ਸੀ। ਗੁਰਧਾਮਾਂ ਦੇ ਦਰਸ਼ਨਾਂ ਤੋਂ ਬਾਅਦ ਰਿਹਾਇਸ਼ ਲਈ ਉਨ੍ਹਾਂ ਵੱਲੋਂ ਕਮਰੇ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਉਸ ਦੀ ਭਾਣਜੀ ਜੋ ਕਿ ਪਹਿਲਾਂ ਵੀ ਸ੍ਰੀ ਅਨੰਦਪੁਰ ਸਾਹਿਬ ਆਈ ਹੋਈ ਸੀ ਨੇ ਇਕ ਮੋਬਾਇਲ ਨੰਬਰ 'ਤੇ ਕਮਰਾ ਲੈਣ ਲਈ ਫੋਨ ਕੀਤਾ। ਮੋਬਾਈਲ ਫੋਨ ਵਾਲਾ ਵਿਅਕਤੀ ਜਿਸ ਦਾ ਨਾਮ ਦਰਸ਼ਨ ਸਿੰਘ ਉਰਫ਼ ਬਿੱਟਾ ਹੈ, ਆਪਣੇ ਮੋਟਰਸਾਈਕਲ ਨੰਬਰ ਪੀਬੀ 16 ਐੱਫ 5020 ਮਾਰਕਾ ਪਲੈਟਿਨਾ 'ਤੇ ਆਇਆ ਤੇ ਕਮਰਾ ਦਿਖਾਉਣ ਲਈ ਉਸ ਨੂੰ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਿਆ, ਜਿਸ ਨੇ ਅੱਗੇ ਜਾ ਕੇ ਆਪਣਾ ਮੋਟਰਸਾਈਕਲ ਪੰਜਾਬ ਨੈਸ਼ਨਲ ਬੈਂਕ ਦੇ ਨਜ਼ਦੀਕ ਇੱਕ ਕਰਿਆਨੇ ਦੀ ਦੁਕਾਨ 'ਤੇ ਖੜ੍ਹਾ ਕਰ ਤੇ ਉਸ ਨੂੰ ਸਵਿਫਟ ਕਾਰ, ਜਿਸ ਨੂੰ ਸੋਨੂੰ ਨਾਂ ਦਾ ਵਿਅਕਤੀ ਚਲਾ ਰਿਹਾ ਸੀ, 'ਚ ਬਿਠਾ ਕੇ ਰਾਜਨ ਉਰਫ ਭੋਗਲ ਦੇ ਕਮਰੇ 'ਚ ਲੈ ਗਏ। ਕਮਰੇ 'ਚ ਉਕਤ ਤਿੰਨਾਂ ਵਿਅਕਤੀਆਂ ਤੋਂ ਇਲਾਵਾ ਇਕ ਹੋਰ ਅਣਪਛਾਤਾ ਵਿਅਕਤੀ ਵੀ ਹਾਜ਼ਰ ਸੀ, ਜਿਨ੍ਹਾਂ ਸਾਰਿਆ ਨੇ ਉਸ ਦੀ ਮਰਜ਼ੀ ਤੋਂ ਬਗੈਰ ਉਸ ਨਾਲ ਵਾਰੀ-ਵਾਰੀ ਜਬਰ ਜਨਾਹ ਕੀਤਾ।

ਚੌਕੀ ਇੰਚਾਰਜ ਗੁਰਮੁਖ ਸਿੰਘ ਨੇ ਦੱਸਆ ਕਿ ਉਕਤ ਪੀੜਤ ਅੌਰਤ ਦੇ ਬਿਆਨਾਂ 'ਤੇ ਦਰਸ਼ਨ ਸਿੰਘ ਬਿੱਟਾ, ਸੋਨੂੰ, ਰਾਜਨ ਉਰਫ ਭੋਗਲ, ਤਿੰਨੇ ਵਾਸੀ ਪਿੰਡ ਲੋਦੀਪੁਰ ਸ੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਇਕ ਅਣਪਛਾਤੇ ਕਥਿਤ ਮੁਲਜ਼ਮ ਦੇ ਖ਼ਿਲਾਫ਼ ਧਾਰਾ 366,376 ਡੀ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮਾਂ ਦੀ ਗਿ੍ਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।