'ਪੰਜਾਬੀ ਜਾਗਰਣ' ਦੀ ਖ਼ਬਰ ਦਾ ਅਸਰ

ਵਿਨੋਦ ਸ਼ਰਮਾ, ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਦੇ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਜ਼ਦੀਕ ਸਤਲੁਜ ਦਰਿਆ 'ਤੇ ਬਣੇ ਅਸਤਘਾਟ ਜਿਸ 'ਚ ਸਿੱਖ ਧਰਮ 'ਚ ਆਸਥਾ ਰੱਖਣ ਵਾਲੀਆਂ ਸਥਾਨਕ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਆਪਣੇ ਮਿ੍ਤਕ ਪ੍ਰਰਾਣੀਆਂ ਦਾ ਸਸਕਾਰ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਅਸਤੀਆਂ (ਫੁੱਲ) ਲਿਆ ਕੇ ਇੱਥੇ ਜਲ ਪ੍ਰਵਾਹ ਕਰਦੇ ਹਨ, ਦੇ 'ਚ ਸ੍ਰੀ ਕੀਰਤਪੁਰ ਸਾਹਿਬ ਦੀ ਅਬਾਦੀ ਦਾ ਜੋ ਗੰਦਾ ਪਾਣੀ ਆ ਕੇ ਰਲਦਾ ਹੈ, ਦਾ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰਰੀਤੀ ਯਾਦਵ ਵੱਲੋਂ ਅੱਜ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸਡੀਐੱਮ ਸ੍ਰੀ ਅਨੰਦਪੁਰ ਸਾਹਿਬ ਮਨੀਸ਼ਾ ਰਾਣਾ ਤੇ ਹੋਰ ਮਹਿਕਮਿਆਂ ਦੇ ਅਧਿਕਾਰੀ ਵੀ ਹਾਜਰ ਸਨ।

ਦੱਸਣਯੋਗ ਹੈ ਕਿ 'ਪੰਜਾਬੀ ਜਾਗਰਣ' ਵੱਲੋਂ ਅਸਤਘਾਟ ਵਿਚ ਸੀਵਰੇਜ ਦੇ ਪੈ ਰਹੇ ਗੰਦੇ ਪਾਣੀ ਦੀਆਂ ਖ਼ਬਰਾਂ ਲਗਾਤਾਰ ਪ੍ਰਕਾਸ਼ਿਤ ਕੀਤੀਆਂ ਗਈ। ਜਿਸ 'ਤੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਵਕੀਲ ਸੂਨੈਣਾ ਥੰਮਣ ਦੀ ਜਨ ਹਿੱਤ ਅਪੀਲ ਤੇ ਨੈਸ਼ਨਲ ਗਰੀਨ ਟਿ੍ਬਿਊਨਲ ਵੱਲੋਂ ਚਾਰ ਜੱਜਾਂ ਦੇ ਬੈਂਚ ਨੇ ਸੂਬਾ ਸਰਕਾਰ ਨੂੰ ਇੱਕ ਮਹੀਨੇ ਦਾ ਸਮਾ ਦਿੱਤਾ ਹੈ ਕਿ ਸੀਵਰੇਜ ਦੇ ਪੈਰਹੇ ਗੰਦੇ ਪਾਣੀ ਦਾ ਹੱਲ ਕੱਢਣ ਦਾ।

ਇਸ ਮੌਕੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਐੱਸਡੀਓ ਲਵਕੇਸ਼ ਕੁਮਾਰ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਸਾਡੇ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਦੀ ਅਬਾਦੀ ਦਾ ਜੋ ਗੰਦਾ ਪਾਣੀ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਅਸਤਘਾਟ ਨੂੰ ਜਾਂਦਾ ਸੀ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਐੱਮਪੀਐੱਸ ਰਾਹੀਂ ਪਾਣੀ ਨੂੰ ਚੁੱਕ ਕੇ ਰਾਈਜਿੰਗ ਮੈਨ ਰਾਹੀਂ ਅੱਗੇ ਲੋਹੰਡ ਖੱਡ ਦੇ ਨਜ਼ਦੀਕ ਸਤਲੁਜ ਦਰਿਆ 'ਚ ਛੱਡਿਆ ਗਿਆ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਬਰਸਾਤ ਦੇ ਦਿਨਾਂ 'ਚ ਸ੍ਰੀ ਕੀਰਤਪੁਰ ਸਾਹਿਬ ਸਾਈਫਨ ਤੇ ਚਰਨ ਕੰਵਲ ਸਾਈਫਨ ਰਾਹੀਂ ਸ੍ਰੀ ਕੀਰਤਪੁਰ ਸਾਹਿਬ ਤੇ ਚੰਗਰ ਇਲਾਕੇ ਤੇ ਪਹਾੜੀ ਇਲਾਕੇ ਦਾ ਭਾਰੀ ਤਦਾਦ 'ਚ ਬਰਸਾਤੀ ਪਾਣੀ ਸਤਲੁਜ ਦਰਿਆ ਨੂੰ ਜਾਂਦਾ ਹੈ। ਜਿਸ ਕਰ ਕੇ ਪੱਕਾ ਬੰਨ੍ਹ ਲਗਾ ਕੇ ਪਾਣੀ ਨੂੰ ਅੱਗੇ ਸਤਲੁਜ ਦਰਿਆ ਵਿਚ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ ਜੇਕਰ ਸਾਡੇ ਵੱਲੋਂ ਪਾਣੀ ਨੂੰ ਰੋਕਣ ਲਈ ਪੱਕਾ ਬੰਨ੍ਹ ਲਗਾਇਆ ਜਾਂਦਾ ਹੈ ਤਾਂ ਜ਼ਿਆਦਾ ਪਾਣੀ ਹੋਣ ਕਾਰਨ ਇਹ ਅੱਗੇ ਜਾਣ ਦੀ ਬਜਾਏ ਰੇਲਵੇ ਲਾਈਨ ਦੇ ਨਾਲ ਪੈਂਦੀ ਸ੍ਰੀ ਕੀਰਤਪੁਰ ਸਾਹਿਬ ਦੀ ਅਬਾਦੀ ਨੂੰ ਮਾਰ ਕਰੇਗਾ ਜਿਸ ਨਾਲ ਲੋਕਾਂ ਦਾ ਮਾਲੀ ਨੁਕਸਾਨ ਹੋਣ ਦੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਸਾਡੇ ਵੱਲੋਂ ਆਰਜ਼ੀ ਬੰਨ੍ਹ ਲਗਾ ਕੇ ਹੀ ਅਸਤਘਾਟ ਨੂੰ ਜਾਣ ਵਾਲੇ ਗੰਦੇ ਪਾਣੀ ਨੂੰ ਰੋਕਿਆ ਗਿਆ ਹੈ।

ਇਸ ਮੌਕੇ ਐੱਸਡੀਓ ਲਵਕੇਸ਼ ਕੁਮਾਰ ਨੇ ਡਿਪਟੀ ਕਮਿਸ਼ਨਰ ਡਾ. ਪ੍ਰਰੀਤੀ ਯਾਦਵ ਨੂੰ ਦੱਸਿਆ ਕਿ ਪਾਣੀ ਨੂੰ ਸਾਫ਼ ਕਰ ਕੇ ਸਤਲੁਜ ਦਰਿਆ 'ਚ ਛੱਡਣ ਲਈ ਸੀਵਰੇਜ ਟ੍ਰੀਟਮੈਂਟ ਪਲਾਟ ਬਣਾਉਣ ਦੀ ਲੋੜ ਹੈ,ਜਿਸ 'ਤੇ ਕਰੀਬ 3.50 ਕਰੋੜ ਰੁਪਏ ਖਰਚ ਆਵੇਗਾ।

ਜਿਸ ਦੇ ਬਣਨ ਨਾਲ ਗੰਦੇ ਪਾਣੀ ਨੂੰ ਸਾਫ ਕਰਕੇ ਰਾਈਜਿੰਗ ਮੈਨ ਰਾਹੀਂ ਅੱਗੇ ਲੋਹੰਡ ਖੱਡ ਸਤਲੁਜ ਦਰਿਆ ਵਿਚ ਸੁੱਟਿਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰਰੀਤੀ ਯਾਦਵ ਨੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਐੱਸਡੀਓ ਲਵਕੇਸ਼ ਕੁਮਾਰ ਨੂੰ ਹਦਾਇਤ ਕੀਤੀ ਕਿ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਜ਼ਦੀਕ ਬਣੇ ਅਸਤਘਾਟ 'ਚ ਸ੍ਰੀ ਕੀਰਤਪੁਰ ਸਾਹਿਬ ਦਾ ਗੰਦਾ ਪਾਣੀ ਬਿਲਕੁਲ ਨਹੀਂ ਜਾਣਾ ਚਾਹੀਦਾ । ਕਿਉਂਕਿ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਅਸਤਘਾਟ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਗੰਦੇ ਪਾਣੀ ਨੂੰ ਅਸਤਘਾਟ ਵੱਲ ਜਾਣ ਤੋਂ ਰੋਕਣ ਲਈ ਜੋ ਵੀ ਕੋਈ ਕੰਮ ਹੋਣ ਵਾਲਾ ਹੈ ਉਸਦਾ ਐਸਟੀਮੈਟ ਤਿਆਰ ਕਰਕੇ ਮਨਜ਼ੂਰੀ ਲੈ ਕੇ ਜਲਦ ਤੋਂ ਜਲਦ ਕੰਮ ਸ਼ੁਰੂ ਕਰਵਾਇਆ ਜਾਵੇ।ਇਸ ਮੌਕੇ ਉਹਨਾਂ ਦੇ ਨਾਲ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਦਵਿੰਦਰ ਕੁਮਾਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੇ.ਈ ਵਿਕਰਮ ਜੀਤ ਸਿੰਘ, ਐਸਐਚਓ ਗੁਰਵਿੰਦਰ ਸਿੰਘ ਕੀਰਤਪੁਰ ਸਾਹਿਬ, ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਹਰਬਖਸ਼ ਸਿੰਘ, ਆਪ ਦੇ ਜਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਕਮਿੱਕਰ ਸਿੰਘ ਡਾਢੀ, ਆਦਿ ਹਾਜਰ ਸਨ।