ਲਖਵੀਰ ਖਾਬੜਾ, ਰੂਪਨਗਰ : ਰੂਪਨਗਰ ਸੀਆਈਏ ਸਟਾਫ਼ ਨੇ ਕਾਰ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ 'ਚੋਂ ਇੱਕ ਸ਼ਹੀਦ ਭਗਤ ਸਿੰਘ ਦੇ ਪਿੰਡ ਪਨਿਆਲੀ ਦਾ ਵਸਨੀਕ ਹੈ ਤੇ ਦੂਜਾ ਮੁਲਜ਼ਮ ਰੂਪਨਗਰ ਦੇ ਨੂਰਪੁਰਬੇਦੀ ਥਾਣੇ ਅਧੀਨ ਪੈਂਦੇ ਪਿੰਡ ਜਤੋਲੀ ਦਾ ਵਸਨੀਕ ਹੈ। ਮੁਲਜ਼ਮ ਨੂਰਪੁਰਬੇਦੀ ਦਾ ਰਹਿਣ ਵਾਲਾ ਹੈ, ਜੋ ਪਹਿਲਾਂ ਵੀ ਕਈ ਅਪਰਾਧਿਕ ਵਾਰਦਾਤਾਂ 'ਚ ਸ਼ਾਮਲ ਰਿਹਾ ਹੈ ਤੇ ਉਸ ਦੇ ਖ਼ਿਲਾਫ਼ ਪਹਿਲਾਂ ਤੋ ਕਤਲ ਦੇ ਚਾਰ ਕੇਸ ਦਰਜ ਹਨ। ਇਨ੍ਹਾਂ ਮਾਮਲਿਆਂ 'ਚ ਮੁਲਜ਼ਮ ਪੁਲਿਸ ਨੂੰ ਲੋੜੀਂਦੇ ਹਨ।
ਸੀਆਈਏ ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਕਾਰ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰ ਤਿੰਨ ਕਾਰਾਂ ਸਕਰੈਪ ਲਈ ਵੇਚਣ ਦੀ ਤਿਆਰੀ ਕਰ ਰਹੇ ਹਨ। ਮੁਲਜ਼ਮਾਂ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਬਤ ਕੀਤੇ ਵਾਹਨਾਂ 'ਚ ਇੱਕ ਸਕੋਡਾ ਤੇ ਦੋ ਆਲਟੋ ਕਾਰਾਂ ਸ਼ਾਮਲ ਹਨ। ਸਕੋਡਾ ਕਾਰ ਨੂੰ ਮੁਲਜ਼ਮਾਂ ਨੇ ਜ਼ੀਰਕਪੁਰ ਇਲਾਕੇ ਤੋਂ ਚੋਰੀ ਕੀਤਾ ਸੀ। ਕਾਲੇ ਰੰਗ ਦੀ ਆਲਟੋ ਗੜ੍ਹਸ਼ੰਕਰ ਇਲਾਕੇ 'ਚੋਂ ਤੇ ਸਿਲਵਰ ਰੰਗ ਦੀ ਆਲਟੋ ਨਿੱਝਰ ਚੌਕ ਖਰੜ ਤੋਂ ਚੋਰੀ ਹੋ ਗਈ ਸੀ।
ਸੀਆਈਏ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ 'ਚ ਕੇਸ ਦਰਜ ਕਰ ਕੇ ਜਾਂਚ ਸਹਾਇਕ ਥਾਣੇਦਾਰ ਕੇਵਲ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਕੇਵਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਾਥੀ ਜਵਾਨਾਂ ਨਾਲ ਗਸ਼ਤ 'ਤੇ ਨਿਕਲਿਆ ਹੋਇਆ ਸੀ। ਜਦੋਂ ਉਨ੍ਹਾਂ ਦੀ ਟੀਮ ਮੁੱਖ ਮਾਰਗ 'ਤੇ ਘਨੌਲੀ ਤੋਂ ਵਾਪਸ ਆਉਂਦੇ ਸਮੇਂ ਅਹਿਮਦਪੁਰ ਨੇੜੇ ਪੱਕੀ ਨਹਿਰ ਦੇ ਪੁਲ਼ 'ਤੇ ਪਹੁੰਚੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਦੋ ਨੌਜਵਾਨ ਜੋ ਵਾਹਨ ਚੋਰੀ ਕਰ ਕੇ ਸਕਰੈਪ 'ਚ ਵੇਚਦੇ ਹਨ। ਅੱਜ ਵੀ ਇੱਕ ਕਾਰ ਜਿਸ 'ਤੇ ਸੀਐੱਮ-3446 ਨੰਬਰ ਵਾਲਾ ਪੀਬੀ.-11 ਰੂਪਨਗਰ ਵਾਲੇ ਪਾਸਿਓਂ ਬੁੜੈਲ ਚੰਡੀਗੜ੍ਹ ਸਕਰੈਪ 'ਚ ਵੇਚਣ ਜਾ ਰਿਹਾ ਹੈ। ਸੀਆਈਏ ਸਟਾਫ਼ ਦੀ ਟੀਮ ਨੇ ਕਾਰ ਸਮੇਤ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਜਤਿੰਦਰਪਾਲ ਸਿੰਘ ਉਰਫ਼ ਿਛੰਦੂ ਵਾਸੀ ਪੰਨਿਆਲੀ (ਐੱਸਬੀਐੱਸ ਨਗਰ) ਅਤੇ ਜਤਿੰਦਰ ਕੁਮਾਰ ਉਰਫ਼ ਜਿੰਦਾ ਵਾਸੀ ਜਤੋਲੀ (ਰੂਪਨਗਰ) ਵਜੋਂ ਹੋਈ ਹੈ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਜਿਸ ਕਾਰ 'ਚ ਦੋਵੇਂ ਸਵਾਰ ਸਨ, ਉਹ ਨਿੱਝਰ ਚੌਕ ਖਰੜ ਤੋਂ ਚੋਰੀ ਹੋਈ ਸੀ, ਜੋ ਕਿ ਸਕਰੈਪ ਵਜੋਂ ਵੇਚਣ ਜਾ ਰਹੀ ਹੈ।
ਜ਼ਿੰਦਾ ਚਾਰ ਕੇਸਾਂ 'ਚ ਪੁਲਿਸ ਨੂੰ ਲੋੜੀਂਦਾ
ਸੀਆਈਏ ਇੰਚਾਰਜ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਦੋਵਾਂ ਨੂੰ ਗਿ੍ਫ਼ਤਾਰ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮਾਂ ਕੋਲੋਂ ਦੋ ਹੋਰ ਚੋਰੀ ਦੀਆਂ ਗੱਡੀਆਂ, ਇੱਕ ਸਕੋਡਾ ਅਤੇ ਇੱਕ ਆਲਟੋ (ਕੁੱਲ ਤਿੰਨ) ਬਰਾਮਦ ਕੀਤੇ ਗਏ। ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। 9 ਫਰਵਰੀ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਭਵਿੱਖ ਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਮੁਲਜ਼ਮ ਜਤਿੰਦਰ ਕੁਮਾਰ ਜਿਊਂਦਾ ਜਾਗਦਾ ਇਤਿਹਾਸ ਹੈ। ਉਸ ਖ਼ਿਲਾਫ਼ ਪਹਿਲਾਂ ਤੋਂ ਹੀ ਚਾਰ ਕੇਸ ਦਰਜ ਹਨ। ਮੁਲਜ਼ਮ ਸਾਲ 2018 ਤੋਂ ਭਗੌੜਾ ਹੈ ਅਤੇ ਅਦਾਲਤ ਵੱਲੋਂ ਉਸ ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ।