ਜੋਲੀ ਸੂਦ, ਮੋਰਿੰਡਾ : ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਐੱਫਆਰਕੇ (ਫੋਰਟੀਫਾਈਡ ਰਾਈਸ) ਦੇ 24 ਸੈਂਪਲ ਰਿਜੈਕਟ ਕਰਨ ਦੇ ਵਿਰੁੱਧ ਸ਼ੈਲਰ ਮਾਲਕਾਂ ਵੱਲੋਂ ਸ਼ੈਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਤਰਸੇਮ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੈਲਰ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਸਰਪੰਚ ਬੰਤ ਸਿੰਘ ਕਲਾਰਾਂ ਤੇ ਐਡਵੋਕੇਟ ਜਰਨੈਲ ਸਿੰਘ ਸੱਖੋਮਾਜਰਾ ਦੀ ਅਗਵਾਈ ਹੇਠ ਐੱਫਸੀਆਈ ਦਫ਼ਤਰ ਮੋਰਿੰਡਾ ਦੇ ਗੋਦਾਮ ਅੱਗੇ ਰੋਸ ਪ੍ਰਦਰਸ਼ਨ ਕੀਤਾ ਤੇ ਐੱਫਸੀਆਈ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਸ਼ੈਲਰ ਮਾਲਕਾਂ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਆਗੂ ਬੰਤ ਸਿੰਘ ਕਲਾਰਾਂ, ਐਡਵੋਕੇਟ ਜਰਨੈਲ ਸਿੰਘ ਸੱਖੋਮਾਜਰਾ ਤੇ ਵਰੁਣ ਚਾਵਲਾ ਨੇ ਦੱਸਿਆ ਕਿ ਸਰਕਾਰ ਨੇ ਪਿਛਲੇ ਸਾਲ ਵੰਡ ਪ੍ਰਣਾਲੀ ਤਹਿਤ ਲੋਕਾਂ ਨੂੰ ਵਿਟਾਮਿਨ ਭਰਪੂਰ ਚੌਲ ਦੇਣ ਲਈ ਫੋਰਟੀਫਾਈਡ ਰਾਈਸ ਦੇਣ ਲਈ ਕਿਹਾ ਸੀ ਤਾਂ ਸਾਰੇ ਮਿੱਲਰਾਂ ਨੇ ਐੱਫਸੀਆਈ ਨੂੰ ਫੋਰਟੀਫਾਈਡ ਰਾਈਸ ਸਪਲਾਈ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਸਾਲ ਫੋਰਟੀਫਾਈਡ ਰਾਈਸ ਦੇ ਟੈਂਡਰ ਪਵਾ ਕੇ ਕੁਝ ਫਰਮਾਂ ਨੂੰ ਨੋਮੀਨੇਟ ਕਰ ਦਿੱਤਾ ਕਿ ਉਨ੍ਹਾਂ ਤੋਂ ਫੋਰਟੀਫਾਈਡ ਰਾਈਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਰਾਈਸ ਮਿਲਰਾਂ ਵੱਲੋਂ ਪੰਜਾਬ ਵੱਲੋਂ ਨੋਮੀਨੇਟ ਕੀਤੀਆਂ ਫਰਮਾਂ ਤੋਂ ਹੀ ਫੋਰਟੀਫਾਈਡ ਰਾਈਸ ਲੈ ਰਹੇ ਹਾਂ ਦੂਜੇ ਪਾਸੇ ਐੱਫਸੀਆਈ ਵੱਲੋਂ ਸਾਡੇ ਐੱਫਆਰਕੇ ਰਾਈਸ ਨੂੰ ਰਿਜੈਕਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਡਾ ਕੰਮ ਤਾਂ ਸਿਰਫ ਮਿਕਸ ਕਰਨ ਦਾ ਹੈ ਨਾ ਕਿ ਐੱਫਆਰਕੇ. ਦੀ ਕੁਆਲਟੀ ਦਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਮਿੱਲਰਾਂ ਨੂੰ ਜਾਣ-ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐੱਫਆਰਕੇ ਖਰੀਦਣ ਲਈ ਸਾਨੂੰ 5 ਤੋਂ 7 ਰੁਪਏ ਪ੍ਰਰੀਮੀਅਮ ਦੇਣਾ ਪੈਂਦਾ ਹੈ। ਇਸ ਲਈ ਸਰਕਾਰ ਸਾਡੇ ਤੋਂ ਜਾਂ ਤਾਂ ਸੀਐੱਮਆਰ ਰਾਈਸ ਲਵੇ ਜਾਂ ਫੇਰ ਇਹ ਐੱਫਆਰਕੇ ਦੀਆਂ ਰਿਜੈਕਸ਼ਨਾਂ ਬੰਦ ਕਰੇ। ਉਨ੍ਹਾਂ ਨੇ ਮੰਗ ਕੀਤੀ ਕਿ ਰਿਜੈਕਟ ਕੀਤੇ ਗਏ ਸੈਂਪਲਾਂ ਨੂੰ ਪਾਸ ਕੀਤਾ ਜਾਵੇ। ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਆਗੂ ਕਰਮਜੀਤ ਭੁੱਲਰ ਡੂਮਛੇੜੀ, ਰੋਹਿਤ ਗੁਪਤਾ, ਵਿਪਨ ਸਿੰਘ, ਰਣਦੀਪ ਸਿੰਘ ਰਾਣਾ, ਅਰੂ ਗੋਇਲ, ਸੁਰਿੰਦਰ ਵਰਗਾ, ਐੱਮਆਰ ਵਰਮਾ, ਹਾਕਮ ਸਿੰਘ ਕਲਾਰਾਂ ਆਦਿ ਹਾਜ਼ਰ ਸਨ।