ਦੂਰ-ਦੂਰਾਂਡੇ ਪੇਂਡੂ ਖੇਤਰਾਂ 'ਚ ਕੈਂਪ ਲਗਾ ਕੇ ਅਧਿਕਾਰੀ ਕਰ ਰਹੇ ਹਨ ਸਮੱਸਿਆਵਾਂ ਦਾ ਨਿਪਟਾਰਾ : ਅਨਮਜੋਤ

ਪਵਨ ਕੁਮਾਰ, ਨੂਰਪੁਰ ਬੇਦੀ : ਦੂਰ ਦੂਰਾਂਡੇ ਪੇਂਡੂ ਖੇਤਰਾਂ 'ਚ ਰਹਿ ਰਹੇ ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਹੱਲ ਕਰਵਾਉਣ ਲਈ ਜ਼ਿਲ੍ਹਾ ਦਫ਼ਤਰਾਂ 'ਚ ਆਉਣ ਜਾਣ ਦੀ ਬੇਲੋੜੀ ਖੱਜਲ ਖੁਆਰੀ ਨੂੰ ਦੂਰ ਕਰਨ ਲਈ ਪ੍ਰਸ਼ਾਸਨ ਨੇ ਪਿੰਡਾਂ 'ਚ ਜਨ ਸੁਣਵਾਈ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ ਹੈ। ਕੈਂਪ 'ਚ ਆਉਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਯਮਾਂ ਅਨੁਸਾਰ ਮੌਕੇ 'ਤੇ ਹੀ ਨਿਪਟਾਰਾ ਕਰਨ ਨੂੰ ਤਰਜੀਹ ਦਿੱਤੀ ਹੈ ਤੇ ਬਕਾਇਆ ਮਾਮਲੇ ਸਮਾਬੱਧ ਹੱਲ ਕਰ ਕੇ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ। ਇਹ ਪ੍ਰਗਟਾਵਾ ਮਨੀਸ਼ਾ ਰਾਣਾ ਆਈਏਐੱਸ ਉਪ ਮੰਡਲ ਮੈਜਿਸਟੇ੍ਟ ਸ੍ਰੀ ਅਨੰਦਪੁਰ ਸਾਹਿਬ ਨੇ ਸਬ ਤਹਿਸੀਲ ਨੂਰਪੁਰ ਬੇਦੀ ਦੇ ਪਿੰਡਾਂ ਬਜਰੂੜ, ਅਬਿਆਣਾ, ਸਰਥਲੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਮੌਕੇ ਕੀਤਾ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਲੋੜਵੰਦ ਲੋਕ ਆਮ ਤੌਰ 'ਤੇ ਜਾਣਕਾਰੀ ਦੀ ਅਣਹੋਂਦ ਕਾਰਨ ਵਾਂਝੇ ਰਹਿ ਜਾਂਦੇ ਹਨ। ਸਾਡਾ ਇਹ ਉਪਰਾਲਾ ਹੈ ਕਿ ਲੋਕਾਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਸਮੇਂ ਸਿਰ ਪਹੁੰਚਾਇਆ ਜਾਵੇ, ਦੂਰ-ਦੂਰਾਂਡੇ ਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ 'ਚ ਦੇਰੀ ਨਾ ਹੋਵੇ, ਇਸ ਲਈ ਪ੍ਰਸ਼ਾਸਨ ਵੱਲੋ ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਉਪ ਮੰਡਲਾਂ 'ਚ ਇਹ ਕੈਂਪ ਆਯੋਜਿਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੇ ਮਾਮਲੇ ਸਾਡੇ ਕੋਲ ਲੈ ਕੇ ਆ ਰਹੇ ਹਨ, ਉਨ੍ਹਾਂ ਦਾ ਨਿਪਟਾਰਾ ਮਾਮਲੇ ਦੀ ਜਾਂਚ ਕਰ ਕੇ ਸਮਾਬੱਧ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਅੱਜ ਇਸ ਕੈਂਪ 'ਚ ਦਿੱਤੀਆਂ ਦਰਖ਼ਾਸਤਾਂ, ਸ਼ਿਕਾਇਤਾਂ, ਮੁਸ਼ਕਿਲਾਂ ਤੇ ਸਮੱਸਿਆਵਾਂ ਬਾਰੇ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਅੱਜ ਸ਼ਾਮ ਤੱਕ ਆਪਣੀ ਰਿਪੋਰਟ ਦੇਣਗੇ ਤੇ ਕੀਤੀ ਗਈ ਕਾਰਵਾਈ ਬਾਰੇ ਸਬੰਧਿਤ ਦਰਖ਼ਾਸਤ ਕਰਤਾ ਨੂੰ ਕੀਤੀ ਗਈ ਕਾਰਵਾਈ ਬਾਰੇ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਮ ਲੋਕ ਹਰ ਕੰਮਕਾਜ ਵਾਲੇ ਦਿਨ 11 ਤੋ 1 ਵਜੇ ਤੱਕ ਉਪ ਮੰਡਲ ਦਫਤਰ ਵਿੱਚ ਆ ਕੇ ਆਪਣੀ ਸਮੱਸਿਆ ਦੱਸ ਕੇ ਉਸ ਦਾ ਢੁਕਵਾ ਹੱਲ ਕਰਵਾ ਸਕਦੇ ਹਨ। ਪ੍ਰਸ਼ਾਸਨ ਦੀ ਆਮ ਲੋਕਾਂ ਪ੍ਰਤੀ ਜ਼ਿੰਮੇਵਾਰੀ ਹੈ ਅਤੇ ਉਨਾਂ੍ਹ ਦੀ ਹਰ ਸੰਭਵ ਸਹਾਇਤਾ ਕਰਨਾ ਸਾਡਾ ਫਰਜ਼ ਹੈ। ਸਹਾਇਕ ਕਮਿਸ਼ਨਰ ਸ਼ਿਕਾਇਤਾਂ ਅਨਮਜੋਤ ਕੌਰ ਨੇ ਕਿਹਾ ਕਿ ਲੋਕ ਆਪਣੀਆਂ ਮੁਸ਼ਕਿਲਾਂ ਸਰਲ ਤੇ ਸੰਖੇਪ ਢੰਗ ਨਾਲ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਣ, ਸਰਕਾਰ ਵੱਲੋ ਲੋਕਾਂ ਦੀ ਸੁਵਿਧਾ ਲਈ ਪੇਡੂ ਖੇਤਰਾਂ 'ਚ ਇਹ ਕੈਂਪ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਦਾ ਹਰ ਵਿਅਕਤੀ ਨੂੰ ਲਾਭ ਲੈਣਾ ਚਾਹੀਦਾ ਹੈ। ਅੱਜ ਦੇ ਕੈਂਪ 'ਚ ਇਨਾਂ੍ਹ ਪਿੰਡਾਂ ਦੇ ਲੋਕਾਂ ਨੇ ਹੱਡਾਰੋੜੀ, ਗੰਦੇ ਪਾਣੀ ਦੀ ਨਿਕਾਸੀ, ਸੜਕਾਂ ਦੀ ਮੁਰੰਮਤ, ਪੈਨਸ਼ਨਾ ਤੇ ਮਾਲ ਵਿਭਾਗ ਵਿੱਚ ਬਕਾਇਆ ਮਾਮਲੇ ਆਦਿ ਬਾਰੇ ਆਪਣੀਆਂ ਮੁਸ਼ਕਿਲਾਂ/ਸਮੱਸਿਆਵਾਂ ਦੱਸੀਆਂ, ਜਿਨ੍ਹਾਂ ਅਧਿਕਾਰੀਆਂ ਨੇ ਨਿਯਮਾਂ ਅਨੁਸਾਰ ਹੱਲ ਕਰਨ ਅਤੇ ਸਮੱਸਿਆਵਾਂ ਦੇ ਨਿਪਟਾਰੇ ਉਪਰੰਤ ਸਬੰਧਿਤ ਧਿਰਾਂ ਨੂੰ ਸੂਚਿਤ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਨਾਇਬ ਤਹਿਸੀਲਦਾਰ ਰਿਤੂ ਕਪੂਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਈਸ਼ਾਨ ਚੌਧਰੀ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।