ਲਖਵੀਰ ਖਾਬੜਾ, ਰੂਪਨਗਰ : ਸ਼ਹੀਦ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਪਿੰਡ ਪਥਰੇੜੀ ਜੱਟਾ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਦੋ ਰੋਜ਼ਾ ਫੁੱਟਬਾਲ ਕੱਪ 'ਚ ਇਕ ਪਿੰਡ ਓਪਨ ਮੁਕਾਬਲੇ 'ਚ ਸ਼ਾਮਪੁਰਾਂ ਨੇ ਰੂਪਨਗਰ ਦੀ ਟੀਮ ਨੂੰ ਹਰਾ ਕੇ ਕੱਪ 'ਤੇ ਕਬਜ਼ਾ ਕੀਤਾ। ਇਸ ਮੌਕੇ ਉੱਘੇ ਖੇਡ ਪ੍ਰਮੋਟਰ ਕੁਲਦੀਪ ਸਿੰਘ ਕੀਪਾ ਦੀ ਅਗਵਾਈ 'ਚ ਹੋਏ ਇਸ ਦੋ ਰੋਜ਼ਾ ਫੁੱਟ ਕੱਪ 'ਚ 26 ਟੀਮਾਂ ਨੇ ਭਾਗ ਲਿਆ। ਜਿਸ ਦਾ ਰਸਮੀ ਉਦਘਾਟਨ ਬਾਬਾ ਕੇਸਰ ਸਿੰਘ ਨੇ ਕੀਤਾ।

ਇਸ ਫੁੱਟਬਾਲ ਕੱਪ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਉੱਘੇ ਖੇਡ ਪ੍ਰਮੋਟਰ ਕੁਲਦੀਪ ਸਿੰਘ ਨੇ ਕਿਹਾ ਕਿ ਅਯੋਕੇ ਯੁੱਗ 'ਚ ਖੇਡਾਂ ਨਾਲ ਨੌਜਵਾਨਾ ਨੂੰ ਜੋੜਣ ਸਮੇਂ ਦੀ ਮੰਗ ਹੈ ਕਿਉਂਕਿ ਨੌਜਵਾਨ ਪੀੜ੍ਹੀ ਨਸ਼ੇ 'ਚ ਗਲਤਾਨ ਹੁੰਦੀ ਜਾ ਰਹੀ ਹੈ। ਜੋ ਸਮਾਜ ਲਈ ਚਿੰਤਾਂ ਦਾ ਵਿਸ਼ਾ ਹੈ। ਉਨ੍ਹਾਂ ਆਈਆਂ ਟੀਮਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨਾਲ ਹੋਰ ਵੀ ਨੌਜਵਾਨਾਂ ਨੂੰ ਜੋੜਣ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਤੰਦਰੁਸਤ ਰੱਖਿਆ ਜਾ ਸਕੇ।

ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਨੇ ਦੱਸਿਆ ਕਿ ਫੁੱਟਬਾਲ ਕੱਪ ਟੂਰਨਾਮੈਂਟ 'ਚ 26 ਟੀਮਾ ਨੇ ਭਾਗ ਲਿਆ ਜਿਸ ਦੇ ਫ਼ਾਈਨਲ ਮੁਕਾਬਲੇ ਦੇ ਫ਼ਸਵੇਂ ਮੁਕਾਬਲੇ 'ਚ ਸ਼ਾਮਪੁਰਾ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ ਹਰਾ ਕੇ ਫੁੱਟਬਾਲ ਕੱਪ 'ਤੇ ਕਬਜ਼ਾ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾ ਦੀ ਭਲਾਈ ਲਈ ਕਲੱਬ ਵੱਲੋਂ ਹੋਰ ਵੀ ਕਈ ਪ੍ਰਕਾਰ ਦੇ ਕੰਮ ਕੀਤੇ ਜਾ ਰਹੇ ਹਨ। ਇਸ ਟੂਰਨਾਮੈਂਟ ਦੇ ਦੌਰਾਨ ਸਰਪੰਚ ਰਣਜੀਤ ਕੌਰ, ਜੱਸੀ ਸਰਪੰਚ ਬੱਲੋਮਾਜਰਾ, ਨਿਰੰਦਰ ਸਿੰਘ ਨਿੰਦਾ ਐੱਮਡੀ ਜੀਪੀ ਗਰੁੱਪ, ਸਮਾਜਸੇਵੀ ਠੇਕੇਦਾਰ ਰਣਧੀਰ ਸਿੰਘ, ਜਸਵੀਰ ਸਿੰਘ ਗੁੱਡੂ, ਐੱਨਆਰਆਈ ਜੋਗਾ ਸਿੰਘ, ਰਣਜੀਤ ਸਿੰਘ ਪੰਚ, ਕੇਵਲ ਸਿੰਘ ਲੰਬੜਦਾਰ, ਮੱਖਣ ਸਿੰਘ ਫੌਜੀ, ਗੁਰਜੰਟ ਸਿੰਘ, ਪੰਚ ਕੁਲਦੀਪ ਸਿੰਘ, ਜਤਿੰਦਰ ਸਿੰਘ, ਕੁਲਵੰਤ ਸਿੰਘ, ਖੁਸ਼ਕਮਲ ਸਿੰਘ ਆਦਿ ਹਾਜ਼ਰ ਸਨ।