ਕਿਹਾ- ਸ਼ਿਕਾਇਤ ਕਰਨ 'ਤੇ ਰੇਤ ਮਾਫੀਆ ਦੇ ਰਿਹੈ ਧਮਕੀਆਂ

ਇੰਦਰਜੀਤ ਸਿੰਘ ਖੇੜੀ, ਬੇਲਾ :

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ 'ਚ ਪਿਛਲੇ ਕਰੀਬ ਇਕ ਸਾਲ ਤੋਂ ਨਾਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ। ਜਿਸ ਖ਼ਿਲਾਫ਼ ਇਲਾਕੇ ਦੇ ਲੋਕਾਂ ਨੇ ਕਈ ਧਰਨੇ ਵੀ ਲਗਾਏ। ਪਰ ਨਾਜਾਇਜ਼ ਮਾਈਨਿੰਗ ਦਾ ਧੰਦਾ ਬੰਦ ਨਹੀਂ ਹੋਇਆ। ਇਸ ਦੇ ਉਲਟ ਰੇਤ ਮਾਫੀਆ ਨੇ ਇਲਾਕੇ ਦੇ ਲੋਕਾਂ 'ਤੇ ਨਾਜਾਇਜ਼ ਪਰਚੇ ਦਰਜ ਕਰਵਾਏ ਤੇ ਪੁਲਿਸ ਵੱਲੋਂ ਵੀ ਰੇਤ ਮਾਫੀਆ ਦਾ ਵਿਰੋਧ ਕਰਨ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਗਈਆਂ। ਪਰ ਦੂਜੇ ਪਾਸੇ ਮੁੱਖ ਮੰਤਰੀ ਚੰਨੀ ਕਾਰਵਾਈ ਕਰਨ ਦੀ ਥਾਂ ਸਭ ਕੁਝ ਠੀਕ ਹੋਣ ਦਾ ਵਾਅਦਾ ਕਰ ਰਹੇ ਹਨ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨੂੰ ਦਿੱਤੀ। ਇਸ ਮੌਕੇ ਸਰਪੰਚ ਲਹਿੰਬਰ ਦਾਸ ਦਾਊਦਪੁਰ ਪੁਰ, ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਹਰਿੰਦਰ ਸਿੰਘ ਜਟਾਣਾ ਆਦਿ ਵੀ ਹਾਜ਼ਰ ਸਨ।

ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਵਣ ਵਿਭਾਗ ਦੇ ਮੁਲਾਜ਼ਮਾਂ ਨੇ ਵਿਭਾਗ ਨੇ ਮਾਈਨਿੰਗ ਕਰਨ ਵਾਲੇ ਵਿਅਕਤੀ ਇਕਬਾਲ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਸ਼ਾਲਾਪੁਰ ਵਿਰੁੱਧ ਪੱਤਰ ਨੰਬਰ 328, ਮਿਤੀ 18/11/2021 ਰਾਹੀਂ ਤਹਿਸੀਲਦਾਰ ਸ੍ਰੀ ਚਮਕੌਰ ਸਾਹਿਬ ਨੂੰ ਪੁਲਿਸ ਕਾਰਵਾਈ ਕਰਨ ਦੀ ਸ਼ਿਕਾਇਤ ਕੀਤੀ ਪਰ ਉਕਤ ਵਿਅਕਤੀ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਵਿਭਾਗ ਦੇ ਅਧਿਕਾਰੀ ਦਾ ਹੀ ਤਬਾਦਲਾ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਵਿਭਾਗ ਦੇ ਹੇਠਲੇ ਪੱਧਰ ਦੇ ਮੁਲਾਜ਼ਮਾਂ ਤੇ ਨਾਜਾਇਜ਼ ਮਾਇਨਿੰਗ ਦਾ ਵਿਰੋਧ ਕਰਨ ਵਾਲਿਆਂ ਨੂੰ ਨਤੀਜੇ ਭੁਗਤਣ ਦੀਆਂ ਧਮਕੀਆਂ ਆਮ ਹੀ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਡੀ ਸਿਲਟਿੰਗ ਦੇ ਨਾਮ 'ਤੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਹਰਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਜਿੱਥੇ ਇਸ ਸਮੇਂ ਮਾਈਨਿੰਗ ਹੋ ਰਹੀ ਹੈ ਉਸ ਥਾਂ 'ਤੇ ਜਦੋਂ 2019 'ਚ ਦਰਿਆ ਸਤਲੁਜ ਦੇ ਪਾਣੀ ਨੇ ਢਾਅ ਲਗਾਈ ਸੀ ਬੰਨ੍ਹ ਹੜਪਣ ਦਾ ਖ਼ਤਰਾ ਬਣਿਆ ਹੋਇਆ ਸੀ ਤਾਂ ਉਸ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜੋ ਕਿ ਉਸ ਸਮੇਂ ਕੈਬਨਿਟ ਮੰਤਰੀ ਸਨ ਨੇ ਆਪ ਦਰੱਖਤ ਵੱਢਣ ਦੀ ਮਨਜ਼ੂਰੀ ਵੀ ਦਿੱਤੀ ਸੀ ਤੇ ਹੁਣ ਉਸੇ ਥਾਂ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਹ ਮੁੱਖ ਮੰਤਰੀ ਦੀ ਸ਼ਹਿ ਨਾਲ ਹੀ ਮਾਈਨਿੰਗ ਹੋ ਰਹੀ ਹੈ। ਇਸ ਮੌਕੇ ਸਰਪੰਚ ਲਹਿਬਰ ਦਾਸ ਨੇ ਦੱਸਿਆ ਕਿ ਉਨ੍ਹਾਂ ਨੇ ਆਪ ਜ਼ਿਲ੍ਹੇ ਦੇ ਵਣ ਵਿਭਾਗ ਅਫ਼ਸਰ ਨੂੰ ਜਾਣਕਾਰੀ ਦਿੱਤੀ ਸੀ ਕਿ ਵਿਭਾਗ ਦੀ ਜ਼ਮੀਨ 'ਤੇ ਨਾਜਾਇਜ਼ ਮਾਇਨਿੰਗ ਹੋ ਰਹੀ ਹੈ। ਇਸ 'ਤੇ ਕਾਰਵਾਈ ਕੀਤੀ ਜਾਵੇ। ਪਰ ਅਧਿਕਾਰੀਆਂ ਨੇ ਮਾਈਨਿੰਗ ਰੋਕਣ ਦੀ ਬਜਾਏ ਰੇਤ ਮਾਫੀਆ ਸਰਪੰਚ ਬਾਰੇ ਜਾਣਕਾਰੀ ਦੇ ਦਿੱਤੀ । ਉਨ੍ਹਾਂ ਕਿਹਾ ਕਿ ਜਦੋਂ ਮਾਈਨਿੰਗ ਹੋ ਰਹੀ ਉਸ ਸਮੇਂ ਵਣ ਵਿਭਾਗ ਦੇ ਅਧਿਕਾਰੀ ਕੁੰਭਕਰਨ ਦੀ ਨੀਂਦ ਸੁੱਤੇ ਪਏ ਸੀ ਹੁਣ ਦਿਖਾਵੇ ਲਈ ਦਰਿਆ 'ਚ ਤੰਬੂ ਲਗਾ ਕੇ ਗੰਨਮੈਨ ਬਿਠਾ ਦਿੱਤੇ ਗਏ ਹਨ।

ਇਸ ਮੌਕੇ 'ਤ ਵਿੱਤ ਸਕੱਤਰ ਕਰਨੈਲ ਸਿੰਘ, ਗੁਰਨਾਮ ਸਿੰਘ ਦਾਊਦਪੁਰ, ਰਾਜੂ ਅਟਾਰੀ, ਕੇਸਰ ਸਿੰਘ, ਮਨਜੀਤ ਸਿੰਘ, ਜਗੀਰ ਸਿੰਘ ਬਜੀਦਪੁਰ, ਗੁਰਪ੍ਰਰੀਤ ਸਿੰਘ ਦਾਊਦਪੁਰ ਜਸਵਿੰਦਰ ਸਿੰਘ, ਸਤਨਾਮ ਸਿੰਘ ਦਾਊਦਪੁਰ, ਜਗਦੇਵ ਸਿੰਘ ਜੱਸੜਾ, ਜਗਦੀਸ਼ ਸਿੰਘ ਰਸੀਦਪੁਰ, ਕੁਲਵੀਰ ਸਿੰਘ ਅਸਰਪੁਰ ਆਦਿ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਉਨ੍ਹਾਂ ਦੇ ਹਲਕੇ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਕ ਦੋ ਦਿਨ 'ਚ ਨਾਜਾਇਜ਼ ਮਾਈਨਿੰਗ ਬੰਦ ਨਹੀਂ ਹੋਈ ਤਾਂ ਸੰਯੁਕਤ ਮੋਰਚੇ ਦੀ ਮਦਦ ਨਾਲ ਸੜਕਾਂ ਬੰਦ ਕੀਤੀਆਂ ਜਾਣਗੀਆਂ।

ਇਸ ਮੌਕੇ ਵਣ ਵਿਭਾਗ ਦੇ ਗਾਰਡ ਦਲਜੀਤ ਸਿੰਘ ਨੇ ਕਿਹਾ ਕਿ ਵਿਭਾਗ ਦੀ ਪੰਜ ਏਕੜ ਤੋਂ ਵੱਧ ਰਕਬੇ 'ਚ ਮਾਈਨਿੰਗ ਹੋਈ ਹੈ। ਨਵੇਂ ਲਗਾਏ ਬੂਟਿਆਂ ਦਾ ਵੀ ਨੁਕਸਾਨ ਹੋਇਆ ਹੈ। ਇਸ ਬਾਰੇ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ।