ਲਖਵੀਰ ਖਾਬੜਾ, ਰੂਪਨਗਰ : ਸ਼ਹਿਰ ਦੇ ਲੋਕ ਭਲਾਈ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਯੋਗੇਸ਼ ਕੱਕੜ ਦੀ ਅਗਵਾਈ ਹੇਠ, ਜ਼ਿਲ੍ਹਾ ਸਾਈਕਿਲੰਗ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ , ਕੌਮੀ ਪ੍ਰਦੂਸ਼ਣ ਦਿਵਸ( 2 ਦਸੰਬਰ) ਨੂੰ ਸਮਰਪਿਤ ਜਾਗਰੂਕਤਾ ਰੈਲੀ ਅੱਜ ਸਥਾਨਕ ਰੂਪਨਗਰ ਹੈਡਵਰਕਸ਼ 'ਤੇ ਕਰਵਾਈ ਗਈ ।

ਇਸ ਸਬੰਧੀ ਵਿਸਥਾਰਪੂਰਬਕ ਗੱਲਬਾਤ ਕਰਦਿਆਂ ਡੀਸੀਏ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰਰੀਤ ਸਿੰਘ ਹੀਰਾ ਨੇ ਦੱਸਿਆ ਕਿ ਪੱਚੀ ਵਰ੍ਹੇ ਪਹਿਲਾਂ ਭੋਪਾਲ ਗੈਸ ਲੀਕ ਕਾਂਡ 'ਚ ਜਾਨਾਂ ਗਵਾ ਚੁੱਕੇ ਵੀਹ ਹਜ਼ਾਰ ਨਿਰਦੋਸ਼ ਸ਼ਹਿਰੀਆਂ ਦੀ ਯਾਦ 'ਚ ਇਹ ਦਿਵਸ ਮਨਾਇਆ ਜਾਂਦਾ ਹੈ। ਅੱਜ ਐਤਵਾਰ ਦੇ ਦਿਨ ਦੀ ਚੋਣ ਕਰਕੇ ਲੋਕ ਭਲਾਈ ਕਲੱਬ ਵੱਲੋਂ ਕਰਵਾਈ ਜਾਗਰੂਕਤਾ ਰੈਲੀ ਨੂੰ ਕਾਂਗਰਸੀ ਆਗੂ ਬਹਾਦਰਜੀਤ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਐੱਮਸੀ ਪੋਮੀ ਸੋਨੀ, ਗਿੱਲ ਸਾਬ ਗਿੱਲ ਇੰਟਰਪਰਾਈਜ਼ ਆਦਿ ਬੁਲਾਰਿਆਂ ਨੇ ਪ੍ਰਦੂਸ਼ਣ ਘਟਾਉਣ 'ਚ ਸਾਈਕਲ ਦੀ ਯੋਗਦਾਨ ਦੀ ਮਹੱਤਤਾ 'ਤੇ ਵਿਸਥਾਰਤ ਚਾਨਣਾ ਪਾਇਆ।

ਇਹ ਜਾਗਰੂਕਤਾ ਸਾਈਕਲ ਰੈਲੀ ਰੂਪਨਗਰ ਹੈੱਡਵਰਕਸ਼ ਤੋਂ ਸ਼ੁਰੂ ਹੋ ਕੇ ਕਾਲਜ ਰੋਡ, ਸ਼ਹੀਦ ਭਗਤ ਸਿੰਘ ਚੌਕ, ਅੰਬੇਡਕਰ ਭਵਨ ਰੋਡ, ਬੱਚਤ ਚੌਕ ਹੁੰਦੀ ਹੋਈ ਮੁੜ ਰੂਪਨਗਰ ਹੈੱਡਵਰਕਸ਼ਰ 'ਤੇ ਪਹੁੰਚ ਸੰਪੰਨ ਹੋਈ। ਸਾਈਕਲ ਰੈਲੀ ਦੇ ਸਮਾਪਨ ਮੌਕੇ ਡੀਸੀਏ ਦੇ ਸਮੂਹ ਸਾਈਕਲ ਚਾਲਕਾਂ ਵੱਲੋਂ ਆਪਣੇ ਮੋਢੀ ਮੈਂਬਰ ਭੰਗੜਾ ਕੋਚ ਮਨਪ੍ਰਰੀਤ ਸਿੰਘ ਜੈਂਟਾ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਭੰਗੜਾ ਪਾ ਕੇ ਮੁਬਾਰਕਬਾਦ ਦਿੱਤੀ ਗਈ। ਸਮਾਪਤੀ ਸਮਾਰੋਹ ਮੌਕੇ ਪ੍ਰਬੰਧਕਾਂ ਵੱਲੋਂ ਸਮੂਹ ਸਾਈਕਲ ਚਾਲਕਾਂ ਨੂੰ ਪ੍ਰਮਾਣ ਪੱਤਰ, ਤਮਗੇ ਤੇ ਰਿਫਰੈਸ਼ਮੈਂਟ ਉਪਲੱਬਧ ਕਰਵਾਈ ਗਈ।

ਇਸ ਮੌਕੇ ਦਮਨਵੀਰ ਸਿੰਘ ਸਤਿਆਲ, ਪਰਵਿੰਦਰ ਸਿੰਘ ਸੈਣੀ, ਸਾਬਕਾ ਕੌਸਲਰ ਜੱਗੀ ਜੀ, ਠੇਕੇਦਾਰ ਅਨੂਪ ਸਿੰਘ ਕੰਗ, ਜਗਦੀਪ ਸਿੰਘ ਬਖਸ਼ੀ ਆਦਿ ਸਮੇਤ ਸਵਾ ਸੌ ਤੋਂ ਵੱਧ ਸਾਈਕਲ ਪੇ੍ਮੀ ਹਾਜ਼ਰ ਸਨ।