ਪੱਤਰ ਪੇ੍ਰਰਕ, ਸ੍ਰੀ ਆਨੰਦਪੁਰ ਸਾਹਿਬ : ਸਥਾਨਕ ਐੱਸਜੀਐੱਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਕੈਡਿਟਾਂ ਨੇ ਕਮਾਂਡਿੰਗ ਅਫ਼ਸਰ ਕਰਨਲ ਐੱਸਬੀ ਰਾਣਾ ਦੇ ਹੁਕਮਾਂ ਤਹਿਤ ਤੇ ਪਿੰ੍ਸੀਪਲ ਸੁਖਪਾਲ ਕੌਰ ਵਾਲੀਆ ਦੀ ਅਗਵਾਈ 'ਚ ਬਾਬਾ ਹਰਭਜਨ ਸਿੰਘ ਬਿਰਧ ਆਸ਼ਰਮ ਅਗੰਮਪੁਰ ਵਿਖੇ ਬਜ਼ੁਰਗਾਂ ਦੇ ਨਾਲ ਐੱਨਸੀਸੀ ਦਾ ਸਥਾਪਨਾ ਦਿਵਸ ਮਨਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੀਫ਼ ਅਫ਼ਸਰ ਰਣਜੀਤ ਸਿੰਘ ਨੇ ਦੱਸਿਆ ਕਿ ਕੈਡਿਟਾਂ ਵੱਲੋਂ ਬਿਰਧ ਆਸ਼ਰਮ 'ਚ ਰਹਿ ਰਹੇ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ। ਇਸ ਮੌਕੇ ਕੈਡਿਟਾਂ ਨਾਲ ਗੱਲਬਾਤ ਕਰਦੇ ਹੋਏ ਬਜ਼ੁਰਗਾਂ ਨੇ ਕੈਡਿਟਾਂ ਨੂੰ ਇਹ ਸਲਾਹ ਦਿੱਤੀ ਕਿ ਉਹ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨ ਤੇ ਉਨ੍ਹਾਂ ਨੂੰ ਘਰ ਦੇ 'ਚ ਪੂਰਾ ਮਾਣ-ਸਨਮਾਨ ਦੇਣ। ਉਨ੍ਹਾਂ ਨੇ ਕੈਡਿਟਾਂ ਨੂੰ ਲਗਨ ਨਾਲ ਪੜ੍ਹਨ ਤੇ ਦੇਸ਼ ਸੇਵਾ ਕਰਨ ਦੀ ਪੇ੍ਰਰਨਾ ਵੀ ਦਿੱਤੀ। ਇਸ ਮੌਕੇ ਬਿਰਧ ਆਸ਼ਰਮ ਦੇ ਮੈਨੇਜਰ ਸਤਨਾਮ ਸਿੰਘ ਚਾਹਲ ਵੱਲੋਂ ਇਨ੍ਹਾਂ ਕੈਡਿਟਾਂ ਦਾ ਸੁਆਗਤ ਕੀਤਾ ਗਿਆ ਤੇ ਉਨ੍ਹਾਂ ਕਿਹਾ ਕਿ ਬਿਰਧ ਆਸ਼ਰਮ ਸਾਡੇ ਸਮਾਜ ਦੇ ਮੱਥੇ 'ਤੇ ਕਲੰਕ ਦੇ ਸਾਮਾਨ ਹਨ ਪਰ ਸਾਨੂੰ ਇਸ ਤਰ੍ਹਾਂ ਦਾ ਸਮਾਜ ਸਿਰਜਣਾ ਚਾਹੀਦਾ ਹੈ। ਜਿਸ ਦੇ 'ਚ ਇਹੋ ਜਿਹੇ ਬਿਰਧ ਆਸ਼ਰਮਾਂ ਦੀ ਕੋਈ ਥਾਂ ਨਾ ਹੋਵੇ।

ਇਸ ਮੌਕੇ ਪਿੰ੍ਸੀਪਲ ਸੁਖਪਾਲ ਕੌਰ ਵਾਲੀਆ ਨੇ ਵੀ ਕੈਡਿਟਾਂ ਨੂੰ ਐੱਨਸੀਸੀ ਦੇ ਸਥਾਪਨਾ ਦਿਵਸ ਦੀ ਮੁਬਾਰਕਬਾਦ ਦਿੱਤੀ। ਚੀਫ਼ ਅਫ਼ਸਰ ਰਣਜੀਤ ਸਿੰਘ ਨੇ ਕੈਡਿਟਾਂ ਨੂੰ ਐੱਨਸੀਸੀ ਦੀ ਸਥਾਪਨਾ ਤੇ ਐੱਨਸੀਸੀ ਦੇ ਵੱਲੋਂ ਕੀਤੇ ਜਾਂਦੇ ਕੰਮਾਂ ਤੇ ਸਿਖਲਾਈ ਸਿਖਲਾਈ ਬਾਰੇ ਵਿਸਥਾਰ 'ਚ ਦੱਸਿਆ। ਕੈਡਿਟਾਂ ਵੱਲੋਂ ਐੱਨਸੀਸੀ ਦੇ ਸਥਾਪਨਾ ਦਿਵਸ ਦੀ ਖੁਸ਼ੀ ਦੇ 'ਚ ਬਜ਼ੁਰਗਾਂ ਨੂੰ ਫ਼ਲ ਦਿੱਤੇ ਗਏ।

ਇਸ ਮੌਕੇ ਬਿਰਧ ਆਸ਼ਰਮ ਦਾ ਸਮੂਹ ਸਟਾਫ਼ ਤੇ ਵੱਡੀ ਗਿਣਤੀ ਦੇ 'ਚ ਕੈਡਿਟ ਹਾਜ਼ਰ ਸਨ।