ਸਿਆਸੀ ਪਾਰਟੀਆਂ ਮੁਫ਼ਤਖੋਰੀ ਸਕੀਮਾਂ ਨੂੰ ਛੱਡ ਕਰਵਾਉਣ ਰੁਜ਼ਗਾਰ ਮੁਹੱਈਆ

ਗੁਰਦੀਪ ਭੱਲੜੀ, ਨੰਗਲ : ਪੰਜਾਬ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ-2022 ਦਾ ਚੋਣ ਦੰਗਲ ਭਖਣਾ ਸ਼ੁਰੂ ਹੋ ਗਿਆ ਹੈ। ਇਸ ਲਈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸੱਤਾ ਦੇ ਕਾਬਜ਼ ਹੋਣ ਲਈ ਤਿਆਰੀਆਂ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਬੇਸ਼ੱਕ ਰਸਮੀ ਤੌਰ 'ਤੇ ਚੋਣਾਂ ਦਾ ਐਲਾਨ ਨਹੀ ਹੋਇਆ, ਪਰ ਚੋਣਾਂ ਲੜਨ ਵਾਲੀਆਂ ਸਾਰੀਆਂ ਪਾਰਟੀਆਂ ਨੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਵੋਟਰਾਂ ਨੂੰ ਲੁਭਾਉਣ ਲਈ ਹਰ ਇਕ ਪਾਰਟੀ ਇਕ-ਦੂਜੇ ਤੋਂ ਵੱਧ ਕੇ ਬਹੁਤ ਸਾਰੀਆਂ ਮੁਫ਼ਤ ਸਕੀਮਾਂ ਦੇਣ ਐਲਾਨ ਕੀਤੇ ਜਾ ਰਹੇ। ਦੂਜੇ ਪਾਸੇ ਤਿੰਨ ਲੱਖ ਕਰੋੜ ਤੋਂ ਵਧ ਦੇ ਕਰਜ਼ਾ ਪੰਜਾਬ ਸੂਬੇ ਦੇ ਸਿਰ ਹੈ ਤੇ ਇਹ ਆਰਥਿਕ ਸਥਿਤੀ ਕਿਸੇ ਕੋਲੋ ਵੀ ਲੁਕੀ ਨਹੀਂ ਹੈ । ਇਸ ਸਥਿਤੀ 'ਚ ਇਨ੍ਹਾਂ ਮੁਫ਼ਤ ਦੀਆਂ ਸਕੀਮਾਂ ਨੂੰ ਲਾਗੂ ਕਰਨਾ ਕਿਸ ਤਰ੍ਹਾਂ ਸੰਭਵ ਹੈ ਇਹ ਤਾਂ ਸਿਆਸੀ ਪਾਰਟੀਆਂ ਹੀ ਦੱਸ ਸਕਦੀਆਂ ਹਨ। ਇਸ ਮਸਲੇ ਸਬੰਧੀ 'ਪੰਜਾਬੀ ਜਾਗਰਣ' ਦੀ ਟੀਮ ਨੇ ਵੱਖ-ਵੱਖ ਸ਼ਖ਼ਸੀਅਤਾਂ ਨਾਲ ਗੱਲਬਾਤ ਕਰ ਉਨ੍ਹਾਂ ਦੇ ਵਿਚਾਰ ਹਾਸਲ ਕੀਤੇ ਹਨ ਜੋ ਇਸ ਪ੍ਰਕਾਰ ਹੈ।

ਪੰਜਾਬ ਦੇ ਲੋਕ ਭਿਖਾਰੀ ਨਹੀ ਹਨ: ਐਡ.ਪਰਮਜੀਤ ਸਿੰਘ ਪੰਮਾ

ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਸਿੰਘ ਪੰਮਾਂ ਨੇ ਕਿਹਾ ਕਿ ਸਿਰਫ਼ ਅੱਤ ਦੇ ਗਰੀਬ ਲੋਕਾਂ ਨੂੰ ਛੱਡ ਕੇ ਬਾਕੀ ਕਿਸੇ ਨੂੰ ਵੀ ਕੁਝ ਮੁਫ਼ਤ ਨਹੀ ਦੇਣਾ ਚਾਹੀਦਾ,ਸਗੋਂ ਲੋਕਾਂ ਦੀ ਆਮਦਨ ਵਧਾਉਣ ਲਈ ਉਨ੍ਹਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਿਖਾਰੀ ਨਹੀ ਹਨ। ਸਗੋਂ ਪੰਜਾਬੀਆਂ ਨੂੰ ਮਿਹਨਤੀ ਕਿਹਾ ਜਾਂਦਾ ਹੈ ਜੋ ਮਿਹਨਤ ਕਰਕੇ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਦੇ ਹਨ ਸਰਕਾਰਾਂ ਨੂੰ ਪੰਜਾਬ ਵਾਸੀਆਂ ਦਾ ਸਾਥ ਦੇ ਕੇ ਪੰਜਾਬ ਨੂੰ ਖ਼ੁਸ਼ਹਾਲ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬ ਵਿਕਾਸ ਦੀ ਪੀੜ੍ਹੀ ਚੜ੍ਹ ਸਕੇ।

ਪੰਜਾਬ ਦੇ ਆਰਥਿਕ ਢਾਂਚੇ ਨੂੰ ਮਜਬੂਤ ਕਰਨ ਦੀ ਲੋੜ : ਬਾਠ

ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਪੰਜਾਬ ਸਿਰ ਇਸ ਸਮੇਂ ਤਿੰਨ ਲੱਖ ਕਰੋੜ ਤੋਂ ਵੀ ਵਧ ਦਾ ਕਰਜ਼ਾ ਹੈ। ਇਸ ਲਈ ਪੰਜਾਬ ਦੇ ਆਰਥਿਕ ਢਾਂਚੇ ਨੂੰ ਮਜਬੂਤ ਕਰਨ ਉਪਰੰਤ ਹੀ ਮੁਫ਼ਤ ਦੀਆਂ ਸਕੀਮਾਂ ਲਾਗੂ ਕਰਨੀਆਂ ਚਾਹੀਦੀਆਂ। ਜੇਕਰ ਪੰਜਾਬ ਨੂੰ ਉਨੱਤੀ ਦੇ ਰਾਹ 'ਤੇ ਲਾਉਣਾ ਹੈ ਤਾਂ ਇਕ ਸਹੀ ਢੰਗ ਨਾਲ ਸਰਕਾਰ ਨੂੰ ਕੰਮ ਕਰਨਾ ਪਾਵੇਗਾ । ਇਸ ਸਰਕਾਰ ਦਾ ਉਦੇਸ਼ ਸਿਰਫ਼ ਤੇ ਸਿਰਫ਼ ਪੰਜਾਬ ਦੀ ਭਲਾਈ ਕਰਨ ਦਾ ਹੋਣਾ ਚਾਹੀਦਾ ਹੈ ਤਾਂ ਹੀ ਪੰਜਾਬ ਿਫ਼ਰ ਤੋਂ ਖ਼ੁਸ਼ਹਾਲ ਹੋ ਸਕੇਗਾ।

ਮੁਫ਼ਤ ਵੰਡਣ ਦੀ ਪ੍ਰਥਾ ਬਹੁਤ ਮਾੜੀ : ਡਾ.ਸਰਦਾਨਾ

ਇਸ ਸਬੰਧੀ ਡਾ.ਈਸ਼ਵਰ ਚੰਦਰ ਸਰਦਾਨਾ ਨੇ ਕਿਹਾ ਕਿ ਵੱਖ- ਵੱਖ ਪਾਰਟੀਆਂ ਵੱਲੋਂ ਇਕ-ਦੂਜੇ ਤੋਂ ਅੱਗੇ ਵਧ ਕੇ ਲੋਕਾਂ ਨੂੰ ਮੁਫ਼ਤ ਸਕੀਮਾਂ ਵੰਡਣ ਦੀ ਪ੍ਰਥਾ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ ਪੰਜਾਬ ਲਈ ਬਹੁਤ ਮਾੜੀ ਹੈ । ਪੰਜਾਬ 'ਚ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਵਰਗ ਨੂੰ ਉੱਪਰ ਚੁੱਕਣ ਲਈ ਸਕੀਮਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਹ ਬਾਕੀ ਵਰਗਾਂ ਤੋਂ ਪਿਛੇ ਨਾ ਰਹਿ ਜਾਣ। ਸਕੀਮਾਂ ਦਾ ਲਾਭ ਉਸ ਦੇ ਸਹੀ ਹੱਕਦਾਰ ਨੂੰ ਮਿਲਣਾ ਚਾਹੀਦਾ ਹੈ ਨਾ ਕਿ ਹਰ ਕੋਈ ਗਰੀਬ ਦਾ ਹੱਕ ਖੋਹ ਕੇ ਆਪਣਾ ਿਢੱਡ ਭਰ ਜਾਵੇ ਤੇ ਗਰੀਬ ਵਰਗ ਗਰੀਬ ਦਾ ਗਰੀਬ ਹੀ ਰਹਿ ਜਾਵੇ।

ਸਮਾਜ ਦੇ ਕਮਜ਼ੋਰ ਵਰਗਾਂ ਲਈ ਰਾਹਤ ਜ਼ਰੂਰੀ : ਬਾਵਾ

ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਦੀਪ ਸਿੰਘ ਬਾਵਾ ਨੇ ਕਿਹਾ ਕਿ ਅੱਜ ਦੇ ਦੌਰ 'ਚ ਕਮਜ਼ੋਰ ਵਰਗ ਦੀ ਹਾਲਾਤ ਕਾਫ਼ੀ ਤਰਸਯੋਗ ਹੈ। ਕੋਰੋਨਾ ਕਾਲ ਤੋਂ ਬਾਅਦ ਕੁਝ ਲੋਕ ਆਪਣੀ ਨੌਕਰੀ ਤੋਂ ਹੱਥ ਧੋ ਬੈਠੇ ਹਨ । ਜਿਸ ਕਾਰਨ ਗਰੀਬ ਰੇਖਾ 'ਚ ਕਾਫ਼ੀ ਵਾਧਾ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗਰੀਬ ਵਰਗ ਨੂੰ ਸਕੀਮਾਂ ਦਾ ਲਾਭ ਦੇਵੇ ਤੇ ਹੋਰਾਂ ਵਰਗਾਂ ਨੂੰ ਕਾਰੋਬਾਰ ਜਾਂ ਕਿੱਤੇ ਦੇ ਰੂਪ 'ਚ ਸਕੀਮਾਂ ਦਾ ਲਾਭ ਦੇਵੇ ਤਾਂ ਜੋ ਸਥਿਤੀ 'ਚ ਸੁਧਾਰ ਹੋ ਸਕੇ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਰਾਹਤ ਜ਼ਰੂਰ ਦੇਣੀ ਚਾਹੀਦੀ ਹੈ।

ਸਿਹਤ ਤੇ ਸਿੱਖਿਆ ਹੋਵੇ ਮੁਫ਼ਤ : ਜਰਨੈਲ ਸਿੰਘ ਸੰਧੂ

ਇਸ ਸਬੰਧੀ ਸਮਾਜ ਸੇਵੀ ਜਰਨੈਲ ਸਿੰਘ ਸੰਧੂ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਤੇ ਸਿੱਖਿਆ ਦੀ ਸਹੂਲਤ ਬਿਲਕੁਲ ਮੁਫ਼ਤ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਇਲਾਜ ਤੇ ਪੜ੍ਹਾਈ ਤੋਂ ਵਾਂਝਾ ਨਾ ਰਹਿ ਜਾਵੇ। ਕਿਉਂਕਿ ਇਸ ਨਾਲ ਪੰਜਾਬ ਦਾ ਹਰ ਬੱਚਾ ਸਿੱਖਿਆ ਹਾਸਲ ਪੰਜਾਬ ਦੀ ਉੱਨਤੀ ਤੇ ਵਿਕਾਸ 'ਚ ਬਹੁਤ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਲੋਕਾਂ ਨੂੰ ਭਿਖਾਰੀ ਨਾ ਬਣਾਉਣ ਸਗੋਂ ਰੁਜ਼ਗਾਰ ਦੇ ਕੇ ਆਤਮ ਨਿਰਭਰ ਬਣਾਉਣਾ।