ਪਰਮਜੀਤ ਕੌਰ, ਸ੍ਰੀ ਚਮਕੌਰ ਸਾਹਿਬ : ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਬਲਾਕ ਸ੍ਰੀ ਚਮਕੌਰ ਸਾਹਿਬ (ਸਬੰਧਤ ਇਫਟੂ) ਵੱਲੋਂ ਆਰਜ਼ੀ ਲੇਬਰ ਚੌਂਕ ਵਿਖੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਦੇ ਚੇਅਰਮੈਨ ਦਲਵੀਰ ਸਿੰਘ ਜਟਾਣਾ, ਪ੍ਰਧਾਨ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ।

ਇਸ ਮੌਕੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਸਲਾਹਕਾਰ ਮਲਾਗਰ ਸਿੰਘ ਖਮਾਣੋਂ ਤੇ ਸਕੱਤਰ ਮਿਸਤਰੀ ਮਨਹੋਰ ਸਿੰਘ ਕਾਲਾ, ਗੁਰਮੇਲ ਸਿੰਘ, ਕੁਲਦੀਪ ਸਿੰਘ ਡਹਿਰ, ਜਰਨੈਲ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਦੇ ਬੈਠਣ 'ਤੇ ਆਰਾਮ ਕਰਨ ਲਈ ਲੇਬਰ ਭਵਨ ਬਣਾਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 15 ਲੱਖ ਰੁਪਏ ਦੇ ਫੰਡ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਸੀ, ਪੰ੍ਤੂ ਹਾਲੇ ਤਕ ਇਨ੍ਹਾਂ ਐਲਾਨਾਂ ਨੂੰ ਅਮਲੀ ਰੂਪ 'ਚ ਲਾਗੂ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਯੂਨੀਅਨ ਆਗੂਆਂ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਗਿਆ ਹੈ, ਜਿਸ ਕਾਰਨ ਮਜ਼ਦੂਰਾਂ 'ਚ ਬੇਚੈਨੀ ਪਾਈ ਜਾ ਰਹੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਦੀਵਾਲੀ ਮੌਕੇ ਮਜ਼ਦੂਰਾਂ ਲਈ ਐਲਾਨੇ 3100 ਰੁਪਏ ਬਹੁਤ ਸਾਰੇ ਮਜ਼ਦੂਰ ਖਾਤਿਆਂ 'ਚ ਅਜੇ ਤਕ ਨਹੀਂ ਪਾਏ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੇਬਰ ਵੈੱਲਫੇਅਰ ਬੋਰਡ ਦੇ ਉੱਚ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੇ ਬੱਚਿਆਂ ਦੇ ਵਜ਼ੀਫੇ, ਮੈਡੀਕਲ ਕਲੇਮ ਦੇ ਕੇਸ ਬੋਰਡ 'ਚ ਪਿਛਲੇ ਤਿੰਨ ਸਾਲਾਂ ਤੋਂ ਲਟਕ ਰਹੇ ਹਨ, ਇਸ ਸਬੰਧੀ ਤੁਰੰਤ ਕਰਵਾਈ ਕੀਤੀ ਜਾਵੇ ਤੇ ਐਕਸਗੇ੍ਸ਼ੀਅਰ ਰਾਸ਼ੀ ਘੱਟੋਂ-ਘੱਟ 20 ਲੱਖ ਰੁਪਏ ਕੀਤੀ ਜਾਵੇ, ਮਜ਼ਦੂਰਾਂ ਦੀ ਪੈਨਸ਼ਨ 'ਚ 15ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਿਸ਼ਾਂ ਅਨੁਸਾਰ ਵਾਧਾ ਕੀਤਾ ਜਾਵੇ, ਪਿੰਡਾਂ ਦੇ ਮਜ਼ਦੂਰਾਂ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਂਟ ਦਿੱਤੇ ਜਾਣ।

ਇਸ ਮੌਕੇ ਸਮੁੱਚੇ ਮਿਸਤਰੀ ਮਜ਼ਦੂਰਾਂ ਨੇ ਮਤਾ ਪਾਸ ਕਰ ਕੇ ਜੱਥੇਬੰਦੀ ਦੀ ਏਕਤਾ ਤੇ ਮੰਗਾਂ ਸਬੰਧੀ ਸੰਘਰਸ਼ ਜਾਰੀ ਰੱਖਣ ਅਤੇ ਯੂਨੀਅਨ ਆਗੂਆਂ ਨੂੰ ਧਮਕੀਆਂ ਦੇਣ ਵਾਲੇ ਅਨਸਰਾਂ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਸਹਿਮਤੀ ਦਿੱਤੀ। ਇਸ ਮੌਕੇ ਦਾਰਾ ਸਿੰਘ, ਬਹਾਦਰ ਸਿੰਘ, ਹਰਮੀਤ ਸਿੰਘ, ਰਮੇਸ਼ ਕੁਮਾਰ, ਗੁਲਾਬ ਚੰਦ ਚੌਹਾਨ, ਅਜਾਇਬ ਸਿੰਘ, ਦਵਿੰਦਰ ਸਿੰਘ, ਅੰਗਰੇਜ਼ ਸਿੰਘ, ਸੁਰਿੰਦਰ ਸਿੰਘ, ਲਖਵੀਰ ਸਿੰਘ ਤੇ ਸੋਹਣ ਸਿੰਘ ਆਦਿ ਹਾਜ਼ਰ ਸਨ।