ਹਰਸਿਮਰਤ ਭਟੋਆ, ਮੋਰਿੰਡਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਦੀ ਅਗਵਾਈ ਹੇਠ ਪਿੰਡ ਲੁਠੇੜੀ ਦੇ ਕਿਸਾਨਾਂ ਨਾਲ ਇਕੱਤਰਤਾ ਕੀਤੀ ਗਈ। ਜਿਸ ਵਿੱਚ ਪਿੰਡ ਲੁਠੇੜੀ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੂੰ ਬੇਨਤੀ ਕੀਤੀ ਕਿ ਪੰਜਾਬ ਸਰਕਾਰ ਉਹਨਾਂ ਨਾਲ ਪੰਚਾਇਤੀ ਜਮੀਨਾਂ ਨੂੰ ਲੈ ਕੇ ਧੱਕਾ ਕਰ ਰਹੀ ਹੈ। ਰਣਧੀਰ ਸਿੰਘ ਚੱਕਲ ਨੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਕਿਸਾਨਾਂ ਤੋਂ ਉਹ ਜ਼ਮੀਨਾਂ ਧੱਕੇ ਨਾਲ ਖੋਹਣ ਜਾ ਰਹੀ ਹੈ ਜਿਹਨਾਂ ਜਮੀਨਾਂ ਨੂੰ 60 ਸਾਲ ਪਹਿਲਾਂ ਸਰਕਾਰ ਦੇ ਅਧਿਕਾਰੀਆਂ ਨੇ ਪੰਚਾਇਤੀ ਜਮੀਨਾਂ ਦੇ ਹਿੱਸੇ ਮੁਤਾਬਿਕ ਜਿੰਮੀਦਾਰਾਂ ਦੇ ਖਾਤਿਆਂ ਵਿੱਚ ਪਾ ਦਿੱਤੀਆਂ ਸਨ। ਕਈ ਜ਼ਮੀਨਾਂ ਦੀ ਗਿਰਦਾਵਾਰੀ ਵੀ ਕਿਸਾਨਾਂ ਦੇ ਨਾਂਅ ਚੱਲ ਰਹੀ ਹੈ। ਉਹਨਾਂ ਦੱਸਿਆ ਕਿ ਕਿਸੇ ਕਿਸਾਨ ਦੀ ਦੋ ਕਨਾਲ ਜ਼ਮੀਨ ਹੈ, ਕਿਸੇ ਦੀ ਡੇਢ ਤੇ ਕਿਸੇ ਦੀ ਉਸ ਤੋਂ ਵੀ ਘੱਟ ਹੈ। ਪੰ੍ਤੂ ਸਰਕਾਰੀ ਦਬਾਅ ਕਾਰਨ ਕਿਸਾਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਤੇ ਜ਼ਮੀਨਾਂ ਛੱਡਣ ਲਈ ਕਿਹਾ ਜਾ ਰਿਹਾ ਹੈ। ਜਿਸ ਕਾਰਨ ਸਰਕਾਰ ਵਲੋਂ ਦੋ ਵਾਰੀ ਪਿੰਡ ਵਿੱਚ ਪੰਚਾਇਤੀ ਜ਼ਮੀਨਾਂ ਦੀ ਬੋਲੀ ਵੀ ਰੱਖੀ ਗਈ ਸੀ, ਜੋ ਕਿ ਮੁਲਤਵੀ ਹੋ ਗਈ। ਇਸੇ ਮਾਮਲੇ ਨੂੰ ਲੈ ਕੇ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ ਦਾ ਕਹਿਣਾ ਹੈ ਕਿ ਉਹ ਸਰਕਾਰ ਦਾ ਇਹ ਧੱਕਾ ਨਹੀਂ ਚੱਲਣ ਦੇਣਗੇ। ਸ੍ਰੀ ਚਲਾਕੀ ਨੇ ਕਿਹਾ ਕਿ ਚੰਡੀਗੜ, ਮੁਹਾਲੀ, ਖਰੜ ਨੇੜੇ ਸਰਕਾਰੀ ਜ਼ਮੀਨਾਂ 'ਤੇ ਜੋ ਵੱਡੇ-ਵੱਡੇ ਲੋਕਾਂ ਨੇ ਕਲੋਨੀਆਂ ਕੱਟੀਆਂ ਹੋਈਆਂ ਹਨ, ਉਹਨਾਂ ਨੂੰ ਤਾਂ ਸਰਕਾਰ ਹੱਥ ਨਹੀਂ ਪਾਉਂਦੀ ਜਦਕਿ ਕਿਸਾਨਾਂ ਦੇ ਹਿੱਸਿਆਂ ਵਿੱਚ ਪਾਈ ਹੋਈ ਪੰਚਾਇਤੀ ਜਮੀਨ ਨੂੰ ਛੁਡਾਉਣ 'ਤੇ ਤੁਲੀ ਹੋਈ ਹੈ। ਜੋ ਪੰਚਾਇਤੀ ਜਮੀਨਾਂ 60 ਸਾਲ ਪਹਿਲਾਂ ਜਿੰਮੀਦਾਰਾਂ ਦੇ ਖਾਤਿਆਂ ਵਿੱਚ ਪਾ ਦਿੱਤੀਆਂ ਗਈਆਂ ਸਨ, ਜੇਕਰ ਉਹਨਾਂ ਨੂੰ ਛੁਡਾਉਣ ਲਈ ਕੋਈ ਧੱਕਾ ਕੀਤਾ ਤਾਂ ਬੀਕੇਯੂ ਰਾਜੇਵਾਲ ਪੰਜਾਬ ਪੱਧਰ 'ਤੇ ਕਿਸਾਨਾ ਦੇ ਹੱਕ ਵਿੱਚ ਸੰਘਰਸ਼ ਕਰੇਗੀ।

ਕਿਸਾਨਾਂ ਦੀਆਂ ਮੋਟਰਾਂ 'ਤੇ ਲਾਏ ਜਾਣਗੇ ਪੌਦੇ

ਇਸੇ ਮੌਕੇ ਸ੍ਰੀ ਚਲਾਕੀ ਨੇ ਕਿਹਾ ਕਿ ਰਾਜੇਵਾਲ ਵਲੋਂ ਕਿਸਾਨਾਂ ਨਾਲ ਮਿਲ ਕੇ ਹਰੇਕ ਕਿਸਾਨ ਦੀ ਮੋਟਰ 'ਤੇ ਪੰਜ-ਪੰਜ ਬੂਟੇ ਲਗਾਏ ਜਾਣਗੇ। ਬੂਟੇ ਲਗਾਉਣ ਲਈ ਬਣਾਈ ਕਮੇਟੀ ਵਿੱਚ ਸਾਬਕਾ ਰੇਂਜਰ ਰਣਧੀਰ ਸਿੰਘ ਚੱਕਲ ਅਤੇ ਚੌਧਰੀ ਕਰਨੈਲ ਸਿੰਘ ਨੂੰ ਮੈਂਬਰ ਬਣਾਇਆ ਗਿਆ। ਉਹ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਪੇ੍ਰਿਤ ਕਰਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਬੂਟੇ ਲਗਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਹਾਦਰ ਸਿੰਘ ਢੰਗਰਾਲੀ, ਪਰਮਜੀਤ ਸਿੰਘ ਅਮਰਾਲੀ, ਹਰਬੰਸ ਸਿੰਘ ਦਤਾਰਪੁਰ, ਸੁਖਦੀਪ ਸਿੰਘ ਭੰਗੂ, ਸੁਖਚੈਨ ਸਿੰਘ, ਦਰਸ਼ਨ ਸਿੰਘ, ਬਲਦੀਪ ਸਿੰਘ ਸੰਗਤਪੁਰਾ ਆਦਿ ਹਾਜ਼ਰ ਸਨ।

ਫੋਟੋ-28 ਆਰਪੀਆਰ 21

ਕੈਪਸ਼ਨ- ਪਿੰਡ ਲੁਠੇੜੀ ਵਿਖੇ ਪਰਮਿੰਦਰ ਸਿੰਘ ਚਲਾਕੀ, ਰਣਧੀਰ ਸਿੰਘ ਚੱਕਲ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦੇ ਹੋਏ।