ਲਖਵੀਰ ਖਾਬੜਾ, ਰੂਪਨਗਰ : ਡਾ. ਸੰਦੀਪ ਕੁਮਾਰ ਗਰਗ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਇਕ ਪ੍ਰਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸੁੰਤਤਰਤਾ ਦਿਵਸ-2022 ਦੇ ਸਬੰਧ ਵਿੱਚ ਜ਼ਿਲ੍ਹਾ ਪੁਲਿਸ ਰੂਪਨਗਰ ਵਲੋਂ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗਜ਼ਟਿਡ ਅਫਸਰਾਂ ਦੀ ਸੁਪਰਵਿਜ਼ਨ ਹੇਠ ਜਿਲ੍ਹਾ ਰੂਪਨਗਰ ਵਿਖੇ ਵੱਖ-ਵੱਖ ਏਰੀਆ ਵਿੱਚ ਸਪੈਸ਼ਲ ਨਾਕਾਬੰਦੀਆਂ ਅਤੇ ਗਸ਼ਤਾ ਅਸਰਦਾਰ ਢੰਗ ਨਾਲ ਲਗਾਈਆਂ ਗਈਆਂ ਹਨ। ਸ਼ੱਕੀ ਵਹੀਕਲਾਂ, ਸ਼ੱਕੀ ਵਿਅਕਤੀਆਂ, ਹੋਟਲਾਂ, ਢਾਬਿਆਂ ਅਤੇ ਸਰਾਵਾਂ ਆਦਿ ਦੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹੋਰ ਮਹੱਤਵਪੂਰਨ ਪਬਲਿਕ ਸਥਾਨਾਂ ਦੀ ਐਂਟੀ ਸਾਬੋਟੇਜ਼ ਚੈਕਿੰਗ ਵੀ ਕੀਤੀ ਜਾ ਰਹੀ ਹੈ।

ਗਰਗ ਨੇ ਦੱਸਿਆ ਕਿ ਸੁਤੰਤਰਤਾ ਦਿਵਸ ਦੇ ਸਬੰਧ ਵਿੱਚ ਅੱਜ ਸਬ-ਡਵੀਜਨ ਰੂਪਨਗਰ, ਮੋਰਿੰਡਾ ਅਤੇ ਸ਼੍ਰੀ ਚਮਕੌਰ ਸਾਹਿਬ ਦੇ ਇਲਾਕੇ ਵਿਚ ਲੱਗੀਆਂ ਡਿਊਟੀਆਂ/ਨਾਕਿਆਂ ਦੀ ਸਪੈਸ਼ਲ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਥਾਣਾ ਸ਼੍ਰੀ ਚਮਕੌਰ ਸਾਹਿਬ, ਸਿਟੀ ਮੋਰਿੰਡਾ, ਸਦਰ ਮੋਰਿੰਡਾ, ਸਿੰਘ ਭਗਵੰਤਪੁਰ ਅਤੇ ਪੁਲਿਸ ਚੌਂਕੀ ਬੇਲਾ ਆਦਿ ਦੀ ਅਚਨਚੇਤ ਚੈਕਿੰਗ ਵੀ ਕੀਤੀ ਗਈ। ਚੈਕਿੰਗ ਦੌਰਾਨ ਮੁੱਖ ਥਾਣਾ ਅਫਸਰਾਂ ਨੂੰ ਸੀਨੀਅਰ ਸਿਟੀਜ਼ਨ, ਜੀਓਜੀ ਅਤੇ ਆਮ ਪਬਲਿਕ ਦੀ ਸੁਣਵਾਈ ਪਹਿਲ ਦੇ ਅਧਾਰ 'ਤੇ ਕਰਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਅਤੇ ਥਾਣਾ ਵਿੱਚ ਮੁਕਦੱਮਿਆਂ ਨਾਲ ਸਬੰਧਤ ਖੜ੍ਹੇ ਵਹੀਕਲਾਂ ਦਾ ਜਾਬਤੇ ਅਨੁਸਾਰ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ। ਇਸ ਤੋ ਇਲਾਵਾ ਡਿਊਟੀਆਂ 'ਤੇ ਤਾਇਨਾਤ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਮੁਸਤੈਦੀ ਅਤੇ ਤਨਦੇਹੀ ਨਾਲ ਕਰਨ ਲਈ ਪੇ੍ਰਿਤ ਕੀਤਾ ਗਿਆ।

ਡਾ. ਗਰਗ ਨੇ ਆਮ ਪਬਲਿਕ ਨੂੰ 75ਵੇਂ ਸੁਤੰਤਰਤਾ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਅਪੀਲ ਕੀਤੀ ਕਿ ਅਗਰ ਕਿਸੇ ਵੀ ਵਿਅਕਤੀ ਨੂੰ ਕੋਈ ਲਾਵਾਰਿਸ ਵਸਤੂ ਜਿਵੇਂ ਕਿ ਬੈਗ, ਟਿਫਨ, ਲਾਵਾਰਿਸ ਵਹੀਕਲ ਜਾ ਕੋਈ ਸ਼ੱਕੀ ਵਿਅਕਤੀ ਧਿਆਨ ਵਿੱਚ ਆਉਂਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਨੇੜੇ ਦੇ ਪੁਲਿਸ ਥਾਣਾ, ਜ਼ਿਲ੍ਹਾ ਪੁਲਿਸ ਕੰਟਰੋਲ ਰੂਮ ਨੰਬਰ 97794-64100 ਜਾ ਹੈਲਪਲਾਈਨ ਨੰਬਰ 112 ਪਰ ਦਿੱਤੀ ਜਾਵੇ। ਇਤਲਾਹ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।