ਚੋਪੜਾ, ਮੋਰਿੰਡਾ

ਲੈਂਡ ਮਾਰਟਗੇਜ ਬੈਂਕ ਕਰਮਚਾਰੀ ਯੂਨੀਅਨ ਪੰਜਾਬ ਵਲੋ ਲੰਮੇ ਸਮੇਂ ਤੋਂ ਲਟਕਦੀਆਂ ਹੱਕੀ ਤੇ ਜਾਇਜ਼ ਮੰਗਾਂ 'ਤੇ ਜ਼ੋਰ ਦੇਣ ਲਈ 7 ਅਕਤੂਬਰ ਨੂੰ ਪੰਜਾਬ ਦੇ ਸਮੂਹ ਜ਼ਿਲਾ ਸਹਾਇਕ ਜਨਰਲ ਮੈਨੇਜਰਾਂ ਦੇ ਦਫਤਰਾਂ ਅੱਗੇ ਰੋਸ ਧਰਨੇ ਦਿੱਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕਤਰ ਧਰਮਿੰਦਰ ਸਿੰਘ ਸੰਧੂ ਨੇ ਦਸਿਆ ਕਿ ਬੈਂਕ ਕਰਮਚਾਰੀਆਂ ਦੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ, ਹਰ ਵਰਗ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ ਨਾ ਕਰਨ ਸਮੇਤ ਹੋਰ ਭਖਦੀਆ ਮੰਗਾਂ ਤੇ ਜੋਰ ਦੇਣ ਲਈ ਯੂਨੀਅਨ ਦੇ ਸੱਦੇ 'ਤੇ ਲੈਂਡ ਮਾਰਟਗੇਜ ਪੰਜਾਬ ਦੀਆਂ ਸਮੂਹ ਬਰਾਂਚਾਂ ਦੇ ਮੁਲਾਜ਼ਮਾਂ ਵੱਲੋਂ 4 ਅਤੇ 6 ਅਕਤੂਬਰ ਨੂੰ ਕਲਮ ਛੋੜ ਹੜਤਾਲ ਕਰਕੇ ਆਪਣੀਆਂ ਮੰਗਾਂ ਮਨਵਾਉਣ ਲਈ ਜ਼ੋਰ ਦਿੱਤਾ ਗਿਆ ਪਰ ਪੰਜਾਬ ਸਰਕਾਰ ਵੱਲੋਂ ਕੋਈ ਹਾਂਪੱਖੀ ਹੁੰਗਾਰਾ ਨਾ ਮਿਲਣ ਕਾਰਨ ਯੂਨੀਅਨ ਵੱਲੋਂ 7 ਅਕਤੂਬਰ ਨੂੰ ਸਮੂਹ ਪੰਜਾਬ ਦੇ ਬੈਂਕ ਕਰਮਚਾਰੀ ਮੁਕੰਮਲ ਹੜਤਾਲ ਕਰਕੇ ਜ਼ਿਲਾ ਜਨਰਲ ਮੈਨੇਜਰਾਂ ਦੇ ਦਫਤਰਾਂ ਅਗੇ ਰੋਸ ਧਰਨੇ ਦੇਣ ਲਈ ਮਜਬੂਰ ਹੋਏ ਹਨ। ਯੁਨੀਅਨ ਦੇ ਸੀਨੀਅਰ ਆਗੂ ਹਰਪ੍ਰਰੀਤ ਸਿੰਘ ਨੇ ਬੈਂਕ ਦੇ ਸਮੂਹ ਬਰਾਂਚ ਮੈਨੇਜਰਾਂ, ਸਹਾਇਕ ਮੈਨੇਜਰਾਂ, ਫੀਲਡ ਅਫਸਰਾਂ ਸਮੇਤ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਬੈਂਕਾਂ ਨੂੰ ਤਾਲੇ ਲਗਾ ਕੇ ਰੋਸ ਮੁਜ਼ਾਹਰਿਆਂ 'ਚ ਸ਼ਾਮਲ ਹੋਣ।