ਸਕੈਨ ਸੈਂਟਰ ’ਤੇ ਗੋਲੀਆਂ ਚਲਾਉਣ ਵਾਲੇ 2 ਗ੍ਰਿਫ਼ਤਾਰ
ਫਿਰੌਤੀ ਨਾ ਦੇਣ ਕਾਰਨ ਸ੍ਰੀ ਗਣੇਸ਼ ਸਕੈਨ ਸੈਂਟਰ ’ਤੇ ਗੋਲੀਆਂ ਚਲਾਉਣ ਵਾਲੇ 2 ਵਿਅਕਤੀ ਗ੍ਰਿਫ਼ਤਾਰ
Publish Date: Tue, 09 Jun 2026 07:19 PM (IST)
Updated Date: Tue, 09 Jun 2026 07:20 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ : ਰੂਪਨਗਰ ਪੁਲਿਸ ਨੇ ਨੂਰਪੁਰ ਬੇਦੀ ਵਿਖੇ ਸਥਿਤ ਸ੍ਰੀ ਗਣੇਸ਼ ਸਕੈਨ ਸੈਂਟਰ ‘ਤੇ 30-31 ਮਈ ਦੀ ਦਰਮਿਆਨੀ ਰਾਤ ਨੂੰ ਗੋਲੀਆਂ ਚਲਾਉਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਮਨਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਹ ਅਹਿਮ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 31 ਮਈ 2026 ਨੂੰ ਸੰਦੀਪ ਕੁਮਾਰ ਵਾਸੀ ਨਵਾਂਸ਼ਹਿਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਨੂਰਪੁਰ ਬੇਦੀ ਵਿਖੇ ਉਸ ਦਾ ਸ੍ਰੀ ਗਣੇਸ਼ ਸਕੈਨ ਸੈਂਟਰ ਹੈ, 30-31 ਮਈ 2026 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਸਕੈਨ ਸੈਂਟਰ ਦੇ ਸ਼ਟਰ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਮੌਕੇ ’ਤੇ ਸ਼ਟਰ ’ਤੇ ਗੋਲੀਆਂ ਦੇ ਨਿਸ਼ਾਨ ਅਤੇ ਸਕੈਨ ਸੈਂਟਰ ਦੇ ਬਾਹਰ ਗੋਲੀਆਂ ਦੇ ਖੋਲ ਵੀ ਮਿਲੇ ਸਨ। ਇਸ ਸਬੰਧੀ ਥਾਣਾ ਨੂਰਪੁਰ ਬੇਦੀ ਵਿਖੇ ਮੁਕੱਦਮਾ ਨੰਬਰ 65 ਮਿਤੀ 31.05.2026 ਅਧੀਨ ਧਾਰਾਵਾਂ 125, 351(2), 324(4) ਬੀ.ਐਨ.ਐਸ.-2023 ਅਤੇ 25/54/59 ਆਰਮਜ਼ ਐਕਟ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ਦੀ ਤਫ਼ਤੀਸ਼ ਲਈ ਕਪਤਾਨ ਪੁਲਿਸ (ਜਾਂਚ) ਗੁਰਦੀਪ ਸਿੰਘ ਗੋਸਲ, ਉਪ ਕਪਤਾਨ ਪੁਲਿਸ (ਜਾਂਚ) ਰਾਜਪਾਲ ਸਿੰਘ ਗਿੱਲ ਅਤੇ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ .ਨਵੀਨਪਾਲ ਸਿੰਘ ਲਹਿਲ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਟੈਕਨੀਕਲ ਤਰੀਕਿਆਂ ਦੀ ਮਦਦ ਨਾਲ ਕੀਤੀ ਗਈ ਜਾਂਚ ਦੌਰਾਨ ਇੰਚਾਰਜ ਸੀ.ਆਈ.ਏ. ਇੰਸਪੈਕਟਰ ਮਨਦੀਪ ਸਿੰਘ ਰੂਪਨਗਰ ਅਤੇ ਮੁੱਖ ਅਫ਼ਸਰ ਥਾਣਾ ਨੂਰਪੁਰ ਬੇਦੀ ਇੰਸਪੈਕਟਰ ਗੁਰਮੁੱਖ ਸਿੰਘ ਦੀਆਂ ਟੀਮਾਂ ਨੇ ਕਾਰਵਾਈ ਕਰਦਿਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ 08 ਜੂਨ 2026 ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰਨ ਅਰੋੜਾ ਉਰਫ਼ ਲੱਡੂ ਵਾਸੀ ਪਿੰਡ ਜਡਿਆਲੀ, ਨੇੜੇ ਮੰਜੀ ਸਾਹਿਬ ਗੁਰਦੁਆਰਾ, ਥਾਣਾ ਜਮਾਲਪੁਰ, ਕਮਿਸ਼ਨਰੇਟ ਪੁਲਿਸ ਲੁਧਿਆਣਾ ਅਤੇ ਵਿੱਕੀ ਕੁਮਾਰ ਰਵਾਨੀ ਉਰਫ਼ ਬੂਵਨ ਵਾਸੀ ਸ਼ਾਂਤੀਵਨ ਗਲੀ, ਨਵਾਂ ਟੋਲਾ, ਵਾਰਡ ਨੰਬਰ 04, ਸੰਗੇਸਰ, ਜ਼ਿਲ੍ਹਾ ਮਧੇਪੁਰਾ (ਬਿਹਾਰ) ਵਜੋਂ ਹੋਈ ਹੈ। ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ 09 ਜੂਨ 2026 ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਗੈਂਗਸਟਰ ਰੋਹਿਤ ਗੁਦਾਰਾ ਅਤੇ ਰਵੀ ਬਲਾਚੌਰੀਆ ਦੇ ਸੰਪਰਕ ਵਿੱਚ ਰਹਿੰਦੇ ਸਨ ਅਤੇ ਨਸ਼ਾ ਕਰਨ ਦੀ ਆਦੀ ਹਨ। ਜਿਨ੍ਹਾਂ ਵੱਲੋਂ ਕੁਝ ਪੈਸਿਆਂ ਦੀ ਲਾਲਚ ਵਿਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਫ਼ਤੀਸ਼ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ 30 ਬੋਰ ਪਿਸਤੌਲ, 10 ਜਿੰਦਾ ਕਾਰਤੂਸ ਅਤੇ ਮੋਟਰਸਾਈਕਲ ਨੰਬਰ ਪੀਬੀ10ਸੀਆਰ -4464 ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਦੋਸ਼ੀ ਕਰਨ ਅਰੋੜਾ ਖ਼ਿਲਾਫ਼ ਪਹਿਲਾਂ ਤੋਂ ਹੀ ਕੁੱਲ 7 ਮੁਕੱਦਮੇ ਦਰਜ ਹਨ ਅਤੇ ਉਹ ਇਨ੍ਹਾਂ ਮਾਮਲਿਆਂ ਵਿਚ ਭਗੌੜਾ ਚੱਲ ਰਿਹਾ ਹੈ।