ਸੇਵਾ ਕੇਂਦਰ ਮੁਲਾਜ਼ਮ ਹੜਤਾਲ ‘ਤੇ ਨਵੇ ਮੁਲਾਜ਼ਮਾਂ ਦੀ ਭਰਤੀ ਲਈ ਹੋਈ ਇੰਟਰਵਿਊ ਮੁਲਾਜ਼ਮਾ ਵਿਚ ਰੋਸ
ਸੇਵਾ ਕੇਂਦਰ ਮੁਲਾਜ਼ਮ ਹੜਤਾਲ ‘ਤੇ ਨਵੇ ਮੁਲਾਜ਼ਮਾਂ ਦੀ ਭਰਤੀ ਲਈ ਹੋਈ ਇੰਟਰਵਿਊ,ਮੁਲਾਜ਼ਮਾ ਵਿਚ ਰੋਸ
Publish Date: Tue, 09 Jun 2026 06:10 PM (IST)
Updated Date: Tue, 09 Jun 2026 06:11 PM (IST)

ਮੰਗਾਂ ਸਬੰਧੀ ਸੱਤ ਹਜਾਰ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ 14 ਵੇਂ ਦਿਨ ਵਿਚ ਦਾਖਲ ਼ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਸੂਬੇ ਅੰਦਰ ਸੇਵਾਂ ਕੇਂਦਰਾਂ ਦੇ ਕਰੀਬ ਸੱਤ ਹਜਾਰ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ 14 ਵੇਂ ਦਿਨ ਵਿਚ ਦਾਖਲ ਹੋ ਗਈ ਹੈ ਉੱਧਰ ਡਿਪਟੀ ਕਮਿਸ਼ਨਰ ਦੇ ਆਦੇਸ਼ਾ ‘ਤੇ ਜ਼ਿਲ੍ਹਾ ਰੋਜਗਾਰ ਦਫਤਰਾ ਵੱਲੋਂ ਨਵੇ ਮੁਲਾਜ਼ਮਾਂ ਦੀ ਭਰਤੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਹੈ ਜੋ ਕਿ ਐਮ ਟੈਰਾਸਿਜ਼ ਕੰਪਨੀ ਅਧੀਨ ਹੋਣਗੇ। ਜਿਸ ਦੀ ਪੁਸ਼ਟੀ ਜ਼ਿਲ੍ਹਾ ਰੁਜਗਾਰ ਅਫ਼ਸਰ ਪ੍ਰਭਜੋਤ ਸਿੰਘ ਨੇ ਕਰਦਿਆ ਕਿਹਾਕਿ ਰੂਪਨਗਰ, ਨੰਗਲ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਤੇ ਮੋਰਿੰਡਾ ਦੇ ਸੇਵਾ ਕੇਂਦਰਾ ਲਈ ਭਰਤੀ ਕੀਤੀ ਜਾ ਰਹੀ ਹੈ 70 ਤੋਂ ਵੱਧ ਨੌਜਵਾਨ ਇੰਟਵਿਊ ਲਈ ਆ ਚੁੱਕੇ ਹਨ। ਜਦਕਿ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਦੇ ਆਗੂਆ ਦੀ ਮੰਗਾਂ ਦੇ ਹੱਲ ਲਈ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ। ਮੰਗਲਵਾਰ ਨੂੰ ਜਦੋਂ ਰੂਪਨਗਰ ਦੇ ਸੇਵਾ ਕੇਂਦਰ ਦਾ ਪੰਜਾਬੀ ਜਾਗਰਣ ਟੀਮ ਨੇ ਦੌਰਾ ਕੀਤਾ ਤਾਂ ਕੇਂਦਰ ਵਿਚ ਬਣੇ 9 ਕਾਊਟਰਾਂ ਵਿਚੋਂ ਦੋ ‘ਤੇ ਮੁਲਾਜ਼ਮ ਬੈਠੇ ਸਨ ਤੇ ਲੋਕਾਂ ਦੀਆ ਲੰਬੀਆਂ ਲਾਇਨਾਂ ਲੱਗੀਆ ਹੋਈਆ ਸਨ ਤੇ ਲੋਕ ਗਰਮੀ ਵਿਚ ਪਰੇਸ਼ਾਨ ਹੋ ਰਹੇ ਸਨ। ਪਟਿਆਲਾ ਤੋਂ ਕੁਰਸੀਨਾਮਾ ਬਨਾਉਣ ਲਈ ਪਹੁੰਚੇ ਭਗਵਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਪਪਰਾਲਾ ਹੈ ਰਹਿੰਦੇ ਪਟਿਆਲੇ ਹਨ । ਉਨ੍ਹਾਂ ਕਿਹਾਕਿ ਮੈ ਆਪਣੇ ਪਰਿਵਾਰ ਨੂੰ ਲੈਕੇ ਜਮੀਨ ਸਬੰਧੀ ਕੁਰਸੀਨਾਮਾ ਬਨਾਉਣ ਲਈ ਸਵੇਰੇ ਸਾਢੇ 9 ਵਜ਼ੇ ਦਾ ਖੜਾ ਹਾਂ ਪਰ ਅਜੈ ਤੱਕ ਮੇਰਾ ਨੰਬਰ ਨਹੀ ਆਇਆ ਪਰੇਸ਼ਾਨ ਹੋ ਰਹੇ ਹਾਂ। ਜਾਤੀ ਸਰਟੀਫਿਕੇਟ ਬਨਾਉਣ ਲਈ ਆਈ ਪਰਮਿੰਦਰ ਕੌਰ ਨੇ ਕਿਹਾਕਿ ਸਵੇਰ ਦੇ ਲਾਇਨ ਵਿਚ ਖੜਾ ਹਾਂ ਮੁਲਾਜ਼ਮਾਂ ਦੀ ਕੋਈ ਆਈਡੀ ਨਹੀ ਚੱਲ ਰਹੀ ਨਾ ਹੀ ਕਿਸੇ ਦਾ ਕੰਮ ਹੋ ਰਿਹਾ ਹੈ ਬੱਸ ਚਾਹ ਪੀਣ ਵਿਚ ਲੱਗੇ ਹੋਏ ਹਨ। ਗੁਰਪ੍ਰੀਤ ਸਿੰਘ ਨੇ ਕਿਹਾਕਿ ਮੈ ਕੱਲ ਨੂੰ ਵਿਦੇਸ਼ ਜਾਣਾ ਹੈ ਮੇਰਾ ਮੈਰਿਜ ਸਰਟੀਫਿਕੇਟ ਬਣਨਾ ਸੀ ਸਵੇਰੇ 8 ਵਜੇ ਦੇ ਆਪਣੀ ਵਾਰੀ ਨੂੰ ਉਡੀਕ ਰਹੇ ਹਾਂ ਪਰ ਹੜਤਾਲ ਕਾਰਨ ਕੰਮ ਨਹੀ ਹੋ ਰਿਹਾ ਜਦਕਿ ਮੇਰਾ ਸੁਹਰਾ ਪਰਿਵਾਰ ਪਠਾਨਕੋਟ ਤੋਂ ਵੀ ਆਇਆ ਹੋਇਆ ਹੈ। ਉਨਾਂ ਕਿਹਾਕਿ ਸਰਕਾਰ ਨੂੰ ਇਨ੍ਹਾਂ ਮੁਲਾਜ਼ਮਾਂ ਦੀਆ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਪ੍ਰੀਤਮ ਸਿੰਘ ਨੇ ਕਿਹਾਕਿ ਲੇਬਰ ਸਰਟੀਫਿਕੇਟ ਬਨਾਉਣ ਲਈ ਚਾਰ ਦਿਨ ਤੋਂ ਗੇੜੇ ਮਾਰ ਰਹੇ ਹਾਂ ਕੰਮ ਨਹੀ ਹੋ ਰਿਹਾ ਜਿਹੜੇ ਮੁਲਾਜ਼ਮ ਕਾਂਊਟਰ ‘ਤੇ ਬੈਠੇ ਹਨ ਜਦੋਂ ਉਨ੍ਹਾਂ ਨੂੰ ਕੁੱਝ ਆਉਦਾ ਨਹੀ ਫਿਰ ਬਠਾਉਣ ਦਾ ਕੀ ਫਾਇਦਾ ਇਸ ਤੋਂ ਚੰਗਾ ਤਾਂ ਜਿੰਦਾ ਲਾ ਦੇਵੇ। ਧਰਨੇ ‘ਤੇ ਬੈਠੇ ਮੁਲਾਜ਼ਮਾਂ ਨੇ ਆਪਣੀਆ ਮੰਗਾਂ ਦੀ ਪੂਰਤੀ ਲਈ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਉਨਾਂ ਦੇ ਸਮੱਰਥਨ ਲਈ ਵੱਖ ਵੱਖ ਕਿਸਾਨ ਯੂਨੀਅਨ ਆਗੂ ਵੀ ਪਹੁੰਚੇ ਹੋਏ ਸਨ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾਕਿ ਸਰਕਾਰ ਇੱਕ ਪਾਸੇ ਸਾਡੀ ਯੂਨੀਅਨ ਨਾਲ ਗੱਲਬਾਤ ਕਰ ਰਹੀ ਹੈ ਦੂਜੇ ਪਾਸੇ ਡਿਪਟੀ ਕਮਿਸ਼ਨਰ ਦੇ ਹੁਕਮਾਂ ‘ਤੇ ਜ਼ਿਲ੍ਹਾ ਰੁਜਗਾਰ ਦਫਤਰ ਵੱਲੋਂ ਨਵੇ ਡਾਟਾ ਐਟਰੀ ਆਪਰੇਟਰ ਭਰਤੀ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਇੰਟਰਵਿਊ ਚੱਲ ਰਹੀ ਹੈ, ਜਿਸ ਸਬੰਧੀ ਅਸੀ ਡਿਪਟੀ ਕਮਿਸ਼ਨਰ ਨੂੰ ਵੀ ਮਿਲੇ ਹਾਂ। ਉਨ੍ਹਾਂ ਕਿਹਾਕਿ ਦੁੱਖ ਇਸ ਗੱਲ ਦਾ ਹੈ ਕਿ ਸਰਕਾਰ ਨੌਜਵਾਨਾਂ ਦਾ ਸੋਸ਼ਣ ਕਰ ਰਹੀ ਹੈ ਅੱਜ ਅਸੀ ਧਰਨੇ ਦੇ ਰਹੇ ਹਾਂ ਥੋੜੇ ਸਮੇਂ ਬਾਅਦ ਇਹ ਵੀ ਧਰਨੇ ਦੇਣਗੇ ਕਿਉਕਿ ਮੁਲਾਜ਼ਮਾ ਪ੍ਰਤੀ ਸਰਕਾਰ ਦੀ ਰਵੱਈਆ ਪਾਜ਼ਟਿਵ ਨਹੀ ਹੈ। ਉਨ੍ਹਾਂ ਕਿਹਾਕਿ ਸਾਨੂੰ ਕੰਪਨੀ ਫੰਡ ਕੱਟ ਕੇ 10300 ਦੇ ਰਹੀ ਹੈ ਹੁਣ ਪਤਾ ਲੱਗਾ ਕਿ ਇਨ੍ਹਾਂ ਨੂੰ ਉੱਕਾ ਪੱਕਾ 15400 ਤਨਖਾਹਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾਕਿ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿੰਡ ਬੜਵਾ ਵਿਖੇ ਆਏ ਤਾਂ ਉਨ੍ਹਾਂ ਨੇ ਨੌਕਰੀਆ ਦੇਣ ਤੇ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਦੀ ਗੱਲ ਕੀਤੀ ਹੈ ਮੈ ਪੁੱਛਦਾ ਹਾਂ ਕਿ ਅਸੀ ਪੰਜਾਬ ਦੇ 7000 ਮੁਲਾਜ਼ਮ ਜਿਹੜੇ ਸਰਕਾਰ ਦਾ ਕੰਮ ਕਰਦੇ ਹਾਂ ਤਾਂ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਕਿਉ। ਉਨ੍ਹਾਂ ਕਿਹਾਕਿ ਸੂਬਾ ਕਮੇਟੀ ਦੀ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨਾਲ ਮੀਟਿੰਗ ਵਿਚ ਮੰਗਾਂ ਦਾ ਕੋਈ ਹੱਲ ਨਹੀ ਹੋਇਆ । ਕਿਰਤੀ ਕਿਸਾਨ ਯੂਨੀਅਨ ਰੂਪਨਗਰ, ਬੀਕੇਯੂ ਮਝੈਲ ਦੇ ਆਗੂ ਸੇਵਾ ਕੇਂਦਰ ਮੁਲਾਜ਼ਮਾ ਦੀ ਹੜਤਾਲ ਵਿਚ ਸ਼ਾਮਲ ਹੋਏ। ਇਸ ਮੌਕੇ ਤੇ ਕਿਸਾਨ ਆਗੂ ਜਰਨੈਲ ਸਿੰਘ ਮਗਰੋੜ ਨੇ ਕਿਹਾਕਿ ਪੰਜਾਬ ਸਰਕਾਰ ਤੋਂ ਲੋਕਾਂ ਨੂੰ ਵੱਡੀਆ ਉਮੀਦਾ ਸਨ ਖਾਸਕਰ ਨੌਜਵਾਨ ਵਰਗ ਨੂੰ ਪ੍ਰੰਤੂ ਹੁਣ ਵੱਖ ਵੱਖ ਵਿਭਾਗਾ ਵਿਚ ਕੰਮ ਕਰਨ ਵਾਲੇ ਨੌਜਵਾਨ ਮੁਲਾਜ਼ਮਾ ‘ਤੇ ਹੀ ਪੁਲਿਸ ਦਾ ਡੰਡਾ ਚੱਲ ਰਿਹਾ ਹੈ ਜਿਸ ਦੀ ਤਾਜਾ ਮਿਸਾਲ ਪਟਿਆਲਾ ਹੀ ਸਾਹਮਣੇ ਹੈ। ਉਨ੍ਹਾਂ ਕਿਹਾਕਿ ਜਦੋਂ ਕੰਮ ਇਹ ਮੁਲਾਜ਼ਮ ਸਰਕਾਰੀ ਕਰਦੇ ਹਨ ਤਾਂ ਪ੍ਰਾਈਵੇਟ ਕੰਪਨੀ ਰਾਂਹੀ ਕਿਉ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾਕਿ ਅਸੀ ਇਨਾਂ ਮੁਲਾਜ਼ਮਾ ਦੇ ਨਾਲ ਖੜੇ ਹਾਂ ਇਨ੍ਹਾਂ ਦਾ ਜੋ ਵੀ ਐਕਸ਼ਨ ਹੋਵੇਗਾ ਉਸ ਵਿਚ ਸ਼ਮੂਲੀਅਤ ਕਰਾਂਗੇ।