ਮੋਰਿੰਡੇ ਤੋਂ ਦੋ ਅਜ਼ਾਦ ਕੌਂਸਲਰ ਕਾਂਗਰਸ ਪਾਰਟੀ ’ਚ ਹੋਏ ਸ਼ਾਮਲ
ਮੋਰਿੰਡੇ ਤੋਂ ਦੋ ਅਜ਼ਾਦ ਕੌਂਸਲਰ ਕਾਂਗਰਸ ਪਾਰਟੀ ’ਚ ਹੋਏ ਸ਼ਾਮਲ
Publish Date: Tue, 09 Jun 2026 06:01 PM (IST)
Updated Date: Tue, 09 Jun 2026 06:02 PM (IST)

ਜੌਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ: ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਮੋਰਿੰਡਾ ਦੇ ਵੱਖ ਵੱਖ ਵਾਰਡਾਂ ਤੋਂ ਅਜ਼ਾਦ ਤੌਰ ’ਤੇ ਜਿੱਤੇ ਦੋ ਕੌਂਸਲਰ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਨਗਰ ਕੌਂਸਲ ਮੋਰਿੰਡਾ ਦੀਆਂ ਤਾਜ਼ਾ ਹੋਈਆਂ ਚੋਣਾਂ ਵਿਚ ਵਾਰਡ ਨੰਬਰ 5 ਅਤੇ 6 ਤੋਂ ਅਜ਼ਾਦ ਤੌਰ ’ਤੇ ਜਿੱਤੇ ਕੌਂਸਲਰ ਮਨਦੀਪ ਸਿੰਘ ਬਾਜਵਾ ਅਤੇ ਸੁਰਿੰਦਰ ਕੌਰ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਵੱਲੋਂ ਉਪਰੋਕਤ ਕੌਂਸਲਰਾਂ ਨੂੰ ਸਿਰੋਪਾਓ ਪਾ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਮੋਰਿੰਡਾ ਦੇ ਕੁਲ 15 ਵਾਰਡਾਂ ਦੀਆਂ ਤਾਜ਼ਾ ਹੋਈਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਨਿਸ਼ਾਨ ਹੱਥ ਪੰਜੇ ’ਤੇ 10 ਕੌਂਸਲਰ ਜੇਤੂ ਰਹੇ ਸਨ, ਜਦੋਂ ਕਿ 4 ਆਜ਼ਾਦ ਉਮੀਦਵਾਰ ਜੇਤੂ ਰਹੇ ਅਤੇ ਇਕ ਕੌਂਸਲਰ ਅਕਾਲੀ ਦਲ ਦੇ ਤੱਕੜੀ ਨਿਸ਼ਾਨ ’ਤੇ ਚੁਣਿਆ ਗਿਆ ਹੈ। ਹੁਣ 4 ਆਜ਼ਾਦ ਜਿੱਤੇ ਕੌਂਸਲਰਾਂ ਵਿੱਚੋਂ ਦੋ ਕੌਂਸਲਰ ਮਨਦੀਪ ਸਿੰਘ ਬਾਜਵਾ ਅਤੇ ਸੁਰਿੰਦਰ ਕੌਰ ਦੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਨਾਲ ਕਾਂਗਰਸ ਦੇ ਕੌਂਸਲਰਾਂ ਦੀ ਗਿਣਤੀ 12 ਹੋ ਗਈ ਹੈ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ 65,000 ਨੌਕਰੀਆਂ ਦੇਣ ਦਾ ਢਿੰਡੋਰਾ ਪਿੱਟਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੱਕ-ਸੱਚ ਦੀ ਲੜਾਈ ਲੜ ਰਹੇ ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰਹਿਮੀ ਨਾਲ ਲਾਠੀਆਂ ਨਾਲ ਕੁੱਟਿਆ ਗਿਆ ਜੋ ਕਿ ਲੋਕਤੰਤਰ ਦਾ ਘਾਣ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਤੇ ਪੰਜਾਬੀ ਦਾ ਰਾਜ ਨਹੀਂ ਬਲਕਿ ਦਿੱਲੀ ਦੇ ਲੋਕਾਂ ਦਾ ਸਿੱਧਾ ਰਾਜ ਚੱਲ ਰਿਹਾ ਹੈ। ਦੂਜੇ ਰਾਜਾਂ ਦੇ ਵਿਅਕਤੀਆਂ ਨੂੰ ਵੱਡੇ ਵੱਡੇ ਸਰਕਾਰੀ ਅਹੁੱਦਿਆਂ ’ਤੇ ਬਿਠਾ ਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਰ ਸਾਲ ਦੇ ਆਪ ਦੇ ਸ਼ਾਸਨ ਤੋਂ ਸਿੱਧ ਹੋ ਗਿਆ ਹੈ ਕਿ ਪੰਜਾਬ ਸਰਕਾਰ ਲੋਕ ਵਿਰੋਧੀ ਤੇ ਦਲਿਤ ਵਿਰੋਧੀ ਹੈ। ਪੰਜਾਬ ਦੀ ਜਨਤਾ ਆਪ ਦਾ ਤਖਤਾ ਪਲਟਣ ਲਈ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ। ਇਸ ਮੌਕੇ ਪੰਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਲੱਕੀ, ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਮੈਂਬਰ ਗੁਰਵਿੰਦਰ ਸਿੰਘ ਕਕਰਾਲੀ, ਦਰਸ਼ਨ ਸਿੰਘ ਸੰਧੂ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਮੋਰਿੰਡਾ, ਕੌਂਸਲਰ ਹਰਜਿੰਦਰ ਸਿੰਘ ਛਿੱਬਰ, ਗੁਰਸੇਵਕ ਸਿੰਘ ਗੁਰੂ, ਮਹਿੰਦਰ ਸਿੰਘ ਢਿੱਲੋਂ, ਰਾਜੇਸ਼ ਕੁਮਾਰ ਸਿਸੋਦੀਆ, ਹਰਜੀਤ ਸਿੰਘ ਸੋਢੀ, ਬਲਵਿੰਦਰ ਸਿੰਘ ਬਾਜਵਾ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਬਲਵੀਰ ਸਿੰਘ ਲਾਲਾ, ਨੰਬਰਦਾਰ ਰੁਪਿੰਦਰ ਸਿੰਘ ਭੀਚਰਾ, ਚੁਚੂ ਸੂਦ, ਰਾਹੂਲ ਸ਼ਰਮਾ, ਸਾਬਕਾ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਸੰਗਤ ਸਿੰਘ ਭਾਮੀਆਂ, ਤਰਸੇਮ ਲਾਲ, ਬਬਲਾ ਸਰਪੰਚ ਗੋਸਲਾਂ, ਟਹਿਲ ਸਿੰਘ ਸਾਬਕਾ ਸਰਪੰਚ ਲੁਠੇੜੀ, ਸੋਨੂੰ ਦੱਤ, ਹਰਜੋਤ ਸਿੰਘ ਢੰਗਰਾਲੀ, ਧਰਮਪਾਲ ਥੰਮਣ ਪ੍ਰਧਾਨ ਸਿਟੀ ਕਾਂਗਰਸ ਕਮੇਟੀ, ਜਗਤਾਰ ਸਿੰਘ ਦਫ਼ਤਰ ਸਕੱਤਰ ਆਦਿ ਕਾਂਗਰਸੀ ਆਗੂ ਹਾਜ਼ਰ ਸਨ।